– ਮਾਲ ਵਿਭਾਗ ਵੱਲੋਂ ਐਸਏਐਸ ਨਗਰ ਦੇ ਦੋ ਪਿੰਡਾਂ ਦੇ ਰਕਬੇ ਦੀ ਡਿਜੀਟਲ ਮੈਪਿੰਗ ਦਾ ਪਾਇਲੈਟ ਪ੍ਰਾਜੈਕਟ ਸ਼ੁਰੂ
– ਸਰਕਾਰੀਆ ਵੱਲੋਂ ਮਾਲ ਵਿਭਾਗ ਨੂੰ ਹੱਦਬੰਦੀ ਬੁਰਜੀਆਂ ਦੇ ਪਹਿਲੂਆਂ ਦੀ ਘੋਖ ਕਰਨ ਦੇ ਨਿਰਦੇਸ਼
ਚੰਡੀਗੜ, 2 ਜੁਲਾਈ (ਵਿਸ਼ਵ ਵਾਰਤਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੀ ਹੱਦਬੰਦੀ ਲਈ ਜਲਦੀ ਜ਼ਮੀਨ ‘ਤੇ ਬੁਰਜੀਆਂ ਲਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਲ ਵਿਭਾਗ ਵੱਲੋਂ ਐਸਏਐਸ ਨਗਰ ਦੇ ਦੋ ਪਿੰਡਾਂ ਦੇ ਰਕਬੇ ਦੀ ਡਿਜ਼ੀਟਲ ਮੈਪਿੰਗ ਰਾਹੀਂ ਹੱਦਬੰਦੀ ਦਾ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਸੂਬੇ ਦੇ ਜ਼ਮੀਨ ਮਾਲਕਾਂ ਨੂੰ ਆਪਣੀ ਜਾਇਦਾਦ ਦੀ ਨਿਸ਼ਾਨਦੇਹੀ ਕਰਨ ਵਿੱਚ ਸੌਖ ਹੋਵੇਗੀ।
ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਸੂਬੇ ਭਰ ਵਿੱਚ ਹੱਦਬੰਦੀ ਬੁਰਜੀਆਂ ਲਾਉਣ ਲਈ ਉਨਾ ਨੇ ਮੁੱਢਲੀ ਵਿਚਾਰ-ਚਰਚਾ ਕਰ ਲਈ ਹੈ ਅਤੇ ਇਸ ਪ੍ਰੋਜੈਕਟ ਦੀ ਵਿਸਥਾਰਤ ਸਮੀਖਿਆ ਲਈ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਕੀਤੇ ਗਏ ਹਨ। ਉਨਾ ਕਿਹਾ ਕਿ ਇਹ ਪ੍ਰੋਜੈਕਟ ਕਾਫੀ ਅਹਿਮ ਹੈ ਕਿਉਂਕਿ ਇਸ ਨਾਲ ਜ਼ਮੀਨਾਂ ਦੀ ਹੱਦਬੰਦੀ ਨੂੰ ਲੈ ਕੇ ਹੁੰਦੇ ਝਗੜਿਆਂ ਤੋਂ ਨਿਜਾਤ ਮਿਲੇਗੀ ਅਤੇ ਜ਼ਮੀਨ ਮਾਲਕਾਂ ਨੂੰ ਆਪਣੀਆਂ ਜਾਇਦਾਦਾਂ ਦੀ ਨਿਸ਼ਾਨਦੇਹੀ ਵਿੱਚ ਆਸਾਨੀ ਹੋਵੇਗੀ।
ਉਨਾ ਕਿਹਾ ਕਿ ਇਸ ਪ੍ਰੋਜੈਕਟ ਦੇ ਵੱਖ-ਵੱਖ ਪਹਿਲੂਆਂ ਦੀ ਘੋਖ ਕਰਨ ਤੋਂ ਬਾਅਦ ਅੱਗੇ ਵਧਿਆ ਜਾਵੇਗਾ। ਉਨਾ ਦੱਸਿਆ ਕਿ ਇਸ ਤੋਂ ਪਹਿਲਾਂ ਸੂਬੇ ਵਿੱਚ ਹੱਦਬੰਦੀ ਬੁਰਜੀਆਂ ਸ. ਪ੍ਰਤਾਪ ਸਿੰਘ ਕੈਂਰੋ ਦੀ ਸਰਕਾਰ ਵੇਲੇ ਲਾਈਆਂ ਗਈਆਂ ਸਨ ਅਤੇ ਇਹ ਸਮੇਂ ਦੇ ਨਾਲ ਆਪਣੀ ਹੋਂਦ ਗੁਆ ਚੁੱਕੀਆਂ ਹਨ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਸ ਕਾਰਜ ਨੂੰ ਨਵੇਂ ਸਿਰਿਓਂਂ ਸ਼ੁਰੂ ਕਰਨ ਦੀ ਯੋਜਨਾ ਹੈ। ਦੱਸਣਯੋਗ ਹੈ ਕਿ ਹੱਦਬੰਦੀ ਬੁਰਜੀਆਂ ਦਾ ਖਰਚਾ ਪੰਚਾਇਤਾਂ ਵੱਲੋਂ ਚੁੱਕਿਆ ਜਾਵੇਗਾ।
ਮਾਲ ਵਿਭਾਗ ਦੇ ਇਕ ਤਰਜਮਾਨ ਨੇ ਦੱਸਿਆ ਕਿ ਐਸ.ਏ.ਐਸ. ਨਗਰ ਦੇ ਦੋ ਪਿੰਡਾਂ ਮੁੰਡੀ ਖਰੜ ਅਤੇ ਹਰਲਾਲਪੁਰ ਦੇ ਰਕਬੇ ਦੀ ਅਜ਼ਮਾਇਸ਼ੀ ਤੌਰ ‘ਤੇ ਡਿਜ਼ੀਟਲ ਮੈਪਿੰਗ ਕੀਤੀ ਗਈ ਹੈ। ਇਸ ਡਿਜ਼ੀਟਲ ਨਕਸ਼ੇ ‘ਤੇ ਮੁਰੱਬਾ ਨੰਬਰ, ਕਿੱਲਾ ਨੰਬਰ, ਕਿੱਲਾ ਲਾਈਨ, ਮੁਰੱਬਾ ਲਾਈਨ, ਰੈਫਰੈਂਸ ਲਾਈਨ, ਸੇਹਿੱਦਾ ਅਤੇ ਬੁਰਜੀਆਂ ਦਰਸਾਈਆਂ ਗਈਆਂ ਹਨ। ਸੈਟੇਲਾਈਟ ਅਤੇ ਹੱਦਬੰਦੀ ਨਕਸ਼ੇ ਦੇ ਸੁਮੇਲ ਨਾਲ ਤਿਆਰ ਕੀਤੇ ਗਏ ਇਸ ਡਿਜੀਟਲ ਨਕਸ਼ੇ ਦੀ ਮਦਦ ਨਾਲ ਨਾਗਰਿਕਾਂ ਨੂੰ ਆਪਣੀ ਜਾਇਦਾਦ ਦੀ ਨਿਸ਼ਾਨਦੇਹੀ ਵਿੱਚ ਸੌਖ ਹੋਵੇਗੀ। ਇਸ ਨਾਲ ਜਿਥੇ ਆਮ ਨਾਗਰਿਕ ਨੂੰ ਆਪਣੀ ਜਾਇਦਾਦ ਬਾਰੇ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ ਉਥੇ ਇਸ ਨਾਲ ਵੱਟ-ਬੰਨਿਆਂ ਨੂੰ ਲੈ ਕੇ ਹੁੰਦੇ ਝਗੜਿਆਂ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ।