ਪੰਜਾਬ ਸਰਕਾਰ ਦਾ ਫੈਸਲਾ
ਗਜ਼ਟਿਡ ਛੁੱਟੀ ਵਾਲੇ ਦਿਨ ਵੀ ਹੋਣਗੀਆਂ ਰਜਿਸਟਰੀਆਂ
ਚੰਡੀਗੜ੍ਹ 12 ਮਈ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਜ਼ਮੀਨ ਦੀ ਰਜਿਸਟਰੀ ‘ਤੇ 2.25 ਫੀਸਦੀ ਸਟੈਂਪ ਡਿਊਟੀ ਘਟਾਉਣ ਦੀ ਆਖਰੀ ਮਿਤੀ 15 ਮਈ ਹੈ, ਜਿਸ ਦੇ ਚੱਲਦਿਆਂ ਰਜਿਸਟਰੀ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਗਈ ਹੈ। ਇਸ ਦੌਰਾਨ ਕੱਲ੍ਹ 13 ਮਈ ਨੂੰ ਸ਼ਨੀਵਾਰ ਅਤੇ 14 ਮਈ ਨੂੰ ਐਤਵਾਰ ਨੂੰ ਗਜ਼ਟਿਡ ਛੁੱਟੀ ਹੈ। ਪਰ, ਲੋਕਾਂ ਦੀ ਗਿਣਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਪਰੋਕਤ ਦੋਵੇਂ ਦਿਨ ਹੀ ਰਜਿਸਟਰੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਂਟ ਵਿਭਾਗ ਨੇ 13 ਮਈ ਅਤੇ 14 ਮਈ ਦੀ ਗਜ਼ਟਿਡ ਛੁੱਟੀ ਦੌਰਾਨ ਸਬ-ਰਜਿਸਟਰਾਰ, ਸੰਯੁਕਤ ਸਬ-ਰਜਿਸਟਰਾਰ ਦਫ਼ਤਰਾਂ ਅਤੇ ਰਜਿਸਟਰੀਆਂ ਕਰਨ ਨੂੰ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਆਮ ਲੋਕਾਂ ਦੀ ਰਜਿਸਟ੍ਰੇਸ਼ਨ ਸਲਾਟ ਅਨੁਸਾਰ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਲੋਕ ਸਟੈਂਪ ਡਿਊਟੀ ਵਿੱਚ ਛੋਟ ਦਾ ਲਾਭ ਲੈ ਸਕਣ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਸਟੈਂਪ ਡਿਊਟੀ ਛੋਟ ਦੀ ਸਮਾਂ ਸੀਮਾ 31 ਮਾਰਚ ਤੱਕ ਤੈਅ ਕੀਤੀ ਸੀ। ਪਰ ਮਾਲੀਏ ਵਿੱਚ ਰਿਕਾਰਡ ਵਾਧੇ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਇਸ ਸਮਾਂ ਸੀਮਾ ਨੂੰ ਪਹਿਲਾਂ 30 ਅਪ੍ਰੈਲ ਅਤੇ ਹੁਣ ਤੀਜੀ ਵਾਰ 5 ਮਈ ਤੱਕ ਵਧਾ ਦਿੱਤਾ ਹੈ।