ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਸਰਟੀਫਿਕੇਟਾਂ ਨੂੰ ਲੈ ਕੇ ਲਿਆ ਗਿਆ ਅਹਿਮ ਫੈਸਲਾ
ਚੰਡੀਗੜ੍ਹ,20ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2024 ਤੋਂ ਪ੍ਰੀਖਿਆਰਥੀਆਂ ਨੂੰ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਦੀਆਂ ਡਿਜੀਟਲ ਕਾਪੀਆਂ ਦੇ ਨਾਲ-ਨਾਲ ਹਾਰਡ ਕਾਪੀਆਂ ਵੀ ਲਾਜ਼ਮੀਂ ਤੌਰ ਤੇ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਦੀ ਅਗਵਾਈ ਵਿੱਚ ਹੋਈ ਬੋਰਡ ਦੀ ਬੈਠਕ ਦੌਰਾਨ ਉੱਕਤ ਫ਼ੈਸਲਾ ਲੈਂਦਿਆਂ ਇਸ ਪੱਖ ਤੇ ਵੀ ਚਰਚਾ ਹੋਈ ਕਿ ਪਿਛਲੇ ਦੋ ਸਾਲਾਂ ਦੌਰਾਨ ਵਿਦਿਆਰਥੀਆਂ ਨੂੰ ਡਿਜੀਟਲ ਸਰਟੀਫਿਕੇਟ ਜਾਰੀ ਕੀਤੇ ਜਾਣ ਦੇ ਬਾਵਜੂਦ ਵਿਦਿਆਰਥੀਆਂ ਵੱਲੋਂ ਹਾਰਡ ਕਾਪੀ ਦੀ ਮੰਗ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਵਿਦਿਆਰਥੀ ਹਰ ਰੋਜ਼ ਹਾਰਡ ਕਾਪੀ ਲਈ ਬੋਰਡ ਦੇ ਦਫਤਰ ਵਿੱਚ ਬਿਨੈ-ਪੱਤਰ ਦਿੰਦੇ ਰਹੇ ਹਨ।