ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਦਲਿਆ 2 ਵਿਸ਼ਿਆਂ ਦਾ ਪ੍ਰੀਖਿਆ ਪੈਟਰਨ
ਪੜ੍ਹੋ ਕਿਸ ਵਿਸ਼ੇ ਵਿੱਚ ਹੋਇਆ ਕਿਹੜਾ ਵਾਧਾ
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਦੋ ਵਿਸ਼ਿਆਂ ਸਰੀਰਕ ਸਿੱਖਿਆ ਅਤੇ ਖੇਡਾਂ ਲਈ ਪ੍ਰੀਖਿਆ ਦਾ ਪੈਟਰਨ ਬਦਲ ਦਿੱਤਾ ਹੈ। ਨਵੇਂ ਪੈਟਰਨ ਅਨੁਸਾਰ ਪ੍ਰੈਕਟੀਕਲ ਦੇ ਅੰਕ ਘਟਾਏ ਅਤੇ ਲਿਖਤੀ ਪ੍ਰੀਖਿਆ ਦੇ ਅੰਕ ਵਧਾ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਲਿਖਤੀ ਪ੍ਰੀਖਿਆ ਦੇ ਅੰਕ ਘੱਟ ਅਤੇ ਪ੍ਰੈਕਟੀਕਲ ਦੇ ਅੰਕ ਵੱਧ ਹੁੰਦੇ ਸਨ। ਸਿੱਖਿਆ ਬੋਰਡ ਦੇ ਇਸ ਫੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਜੋ ਪੜ੍ਹਨ-ਲਿਖਣ ਵਿੱਚ ਚੰਗੇ ਹੋਣ ਦੇ ਨਾਲ-ਨਾਲ ਲਿਖਤੀ ਪ੍ਰੀਖਿਆ ਤਾਂ ਪੂਰੀ ਲਗਨ ਨਾਲ ਦਿੰਦੇ ਸਨ ਪਰ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਦੌਰਾਨ ਮੈਦਾਨ ’ਤੇ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ ਸਨ। ਇਸ ਨਾਲ ਉਨ੍ਹਾਂ ਦੇ ਪ੍ਰੈਕਟੀਕਲ ਅੰਕ ਘੱਟ ਜਾਂਦੇ ਸਨ ਅਤੇ ਸਮੁੱਚੀ ਪ੍ਰਤੀਸ਼ਤਤਾ ਵੀ ਪ੍ਰਭਾਵਿਤ ਹੁੰਦੀ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਨਵੇਂ ਪੈਟਰਨ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਦੋਵਾਂ ਵਿਸ਼ਿਆਂ ਦੇ ਅੰਕਾਂ ਦੀ ਵੰਡ ਨੂੰ ਬਦਲ ਦਿੱਤਾ ਹੈ। ਹੁਣ ਦੋਵੇਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਦੇ ਅੰਕ ਪ੍ਰੈਕਟੀਕਲ ਵਿਸ਼ੇ ਨਾਲੋਂ ਵੱਧ ਹੋਣਗੇ। PSEB ਨੇ ਇਸ ਸਬੰਧੀ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ। ਇਹ ਹੁਕਮ ਵੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲਾਂ ਨੂੰ ਇਸ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਜਾਰੀ ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਨਵਾਂ ਪੈਟਰਨ ਇਸ ਵਿੱਦਿਅਕ ਸੈਸ਼ਨ ਤੋਂ ਨਹੀਂ ਸਗੋਂ 2022-23 ਦੇ ਅਗਲੇ ਸੈਸ਼ਨ ਤੋਂ ਲਾਗੂ ਹੋਵੇਗਾ।