ਐੱਸ.ਏ.ਐੱਸ. ਨਗਰ,28 ਦਸੰਬਰ ( ਵਿਸ਼ਵ ਵਾਰਤਾ ) -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 1970 ਤੋਂ ਸਾਲ 2003 ਤੱਕ ਪਰੀਖਿਆ ਪਾਸ ਕਰ ਚੁੱਕੇ ਪਰੀਖਿਆਰਥੀਆਂ ਨੂੰ ਆਪਣੀ ਕਾਰਗੁਜ਼ਾਰੀ ਵਧਾਉਣ ਲਈ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ ਹੈ।
ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਮੌਕਾ ਮਾਰਚ 1970 ਤੋਂ ਮਾਰਚ 2003 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਪਾਸ ਕਰਨ ਵਾਲੇ ਪਰੀਖਿਆਰਥੀਆਂ ਨੂੰ ਆਪਣੀ ਕਾਰਗੁਜ਼ਾਰੀ ਵਧਾਉਣ ਲਈ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਮਾਰਚ 2020 ਵਿੱਚ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਸ਼੍ਰੇਣੀ ਦੀ ਪਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਦੀ ਜੁਲਾਈ/ਅਗਸਤ ਵਿੱਚ ਲਈ ਜਾਣ ਵਾਲੀ ਰੀ-ਅਪੀਅਰ ਪਰੀਖਿਆ ਜੋ ਕੋਵਿਡ-19 ਕਾਰਨ ਨਹੀਂ ਸੀ ਕਰਵਾਈ ਜਾ ਸਕੀ ਦੇ ਇਵਜ਼ ਵਿੱਚ ਮਾਰਚ 2021 ਦੀ ਸਲਾਨਾ ਪਰੀਖਿਆ ਤੋਂ ਬਾਅਦ ਲਈ ਜਾਣ ਵਾਲੀ ਅਨੁਪੂਰਕ ਪਰੀਖਿਆ ਵਿੱਚ ਅਪੀਅਰ ਹੋਣ ਦਾ ਇੱਕ ਹੋਰ ਮੌਕਾ ਵੀ ਪ੍ਰਦਾਨ ਕੀਤਾ ਗਿਆ ਹੈ।
ਕੰਟਰੋਲਰ ਪਰੀਖਿਆਵਾਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਸੁਨਹਿਰੀ ਮੌਕੇ ਦੀ ਪਰੀਖਿਆ ਲਈ ਉੱਕਾ-ਪੁੱਕਾ 15000 ਰੁਪਏ ਪਰੀਖਿਆ ਫ਼ੀਸ ਨਿਰਧਾਰਤ ਕੀਤੀ ਗਈ ਹੈ। ਸੁਨਹਿਰੀ ਮੌਕੇ ਦੀ ਪਰੀਖਿਆ ਲਈ ਸਿਲੇਬਸ 2019-20 ਵਾਲਾ ਹੀ ਹੋਵੇਗਾ। ਬਾਰ੍ਹਵੀਂ ਸ਼੍ਰੇਣੀ ਦੇ ਕੇਵਲ ਉਹਨਾਂ ਪਰੀਖਿਆਰਥੀਆਂ ਨੂੰ ਸੁਨਹਿਰੀ ਮੌਕਾ ਦਿੱਤਾ ਜਾਵੇਗਾ ਜਿਨ੍ਹਾਂ ਨੇ 10+2 ਪੈਟਰਨ ਅਧੀਨ ਬਾਰ੍ਹਵੀਂ ਦੀ ਪਰੀਖਿਆ ਪਾਸ ਕੀਤੀ ਹੈ।
ਕੰਟਰੋਲਰ ਪਰੀਖਿਆਵਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਓਪਨ ਸਕੂਲ ਪ੍ਰਣਾਲੀ ਅਧੀਨ ਰੀ-ਅਪੀਅਰ ਦੇਣ ਵਾਲੇ ਪਰੀਖਿਆਰਥੀਆਂ ਲਈ 1050 ਰੁਪਏ ਪਰੀਖਿਆ ਫ਼ੀਸ ਨਿਰਧਾਰਤ ਕੀਤੀ ਗਈ ਹੈ ਅਤੇ ਪਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਦੀ ਦਸਵੀਂ ਸ਼੍ਰੇਣੀ ਦੀ ਰੀ-ਅਪੀਅਰ ਵਿਸ਼ਿਆਂ ਦੀ ਪਰੀਖਿਆ ਸੁਨਹਿਰੀ ਮੌਕੇ ਦੀ ਪਰੀਖਿਆ ਦੇ ਨਾਲ ਹੀ ਜਨਵਰੀ 2021 ਦੇ ਅਖ਼ਰੀਲੇ ਹਫ਼ਤੇ ਵਿੱਚ ਲਈ ਜਾਵੇਗੀ।
ਇਨ੍ਹਾਂ ਪਰੀਖਿਆਵਾਂ ਲਈ ਬਿਨਾਂ ਲੇਟ ਫ਼ੀਸ ਪਰੀਖਿਆ ਫ਼ਾਰਮ ਭਰਨ ਅਤੇ ਆਨ-ਲਾਈਨ ਪਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਲਈ ਆਖ਼ਰੀ ਮਿਤੀ 7 ਜਨਵਰੀ 2021 ਅਤੇ ਪਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 14 ਜਨਵਰੀ 2021 ਨਿਸਚਿਤ ਕੀਤੀ ਗਈ ਹੈ। ਇਹ ਪਰੀਖਿਆ ਫ਼ਾਰਮ ਆਪਣੇ ਜ਼ਿਲ੍ਹੇ ਦੇ ਖ਼ੇਤਰੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾ ਸਕਣਗੇ। ਪ੍ਰਤੀ ਪਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ ਪਰੀਖਿਆ ਫ਼ਾਰਮ ਭਰਨ ਅਤੇ ਆਨ-ਲਾਈਨ ਪਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਲਈ ਆਖ਼ਰੀ ਮਿਤੀ 11 ਜਨਵਰੀ2021 ਅਤੇ ਪਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 15 ਜਨਵਰੀ 2021 ਹੋਵੇਗੀ। ਲੇਟ ਫ਼ੀਸ ਨਾਲ ਪਰੀਖਿਆ ਫ਼ਾਰਮ ਕੇਵਲ ਮੁੱਖ ਦਫ਼ਤਰ ਵਿਖੇ ਹੀ ਜਮ੍ਹਾਂ ਕਰਵਾਏ ਜਾ ਸਕਣਗੇ।
ਕੰਟਰੋਲਰ ਪਰੀਖਿਆਵਾਂ ਵੱਲੋਂ ਪਰੀਖਿਆਰਥੀਆਂ ਨੂੰ ਇਹ ਹਦਾਇਤ ਵੀ ਕੀਤੀ ਗਈ ਕਿ ਪਰੀਖਿਆ ਫ਼ੀਸਾਂ ਆਨ-ਲਾਈਨ ਗੇਟ ਵੇਅ ਰਾਹੀਂ ਕੇਵਲ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਨੈੱਟ ਬੈਂਕਿੰਗ ਰਾਹੀ ਹੀ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ।
ਇਨ੍ਹਾਂ ਪਰੀਖਿਆਵਾਂ ਸਬੰਧੀ ਮੁਕੰਮਲ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ ਉਪਲਬਧ ਕਰਵਾਈ ਗਈ ਹੈ।