ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ
ਮੰਤਰੀ ਮੰਡਲ ਵੱਲੋਂ ਨਵੀਂ ਸ਼ਰਾਬ ਨੀਤੀ ਲਾਗੂ ਕਰਨ ਦੇ ਫੈਸਲੇ ਤੇ ਲਗਾਈ ਜਾ ਸਕਦੀ ਹੈ ਮੋਹਰ
ਪੰਜਾਬ ਵਿੱਚ ਸਸਤੀ ਹੋ ਜਾਵੇਗੀ ਸ਼ਰਾਬ!
ਪੜ੍ਹੋ ਪੂਰੀ ਖਬਰ
ਚੰਡੀਗੜ੍ਹ,7 ਜੂਨ(ਵਿਸ਼ਵ ਵਾਰਤਾ)- ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਅੱਜ ਹੋਣ ਵਾਲੀ ਇਸ ਮੀਟਿੰਗ ਵਿੱਚ ਬਜਟ ਸੈਸ਼ਨ ਬੁਲਾਉਣ ਅਤੇ ਨਵੀਂ ਸ਼ਰਾਬ ਨੀਤੀ ਲਾਗੂ ਕਰਨ ਦੇ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ।ਜਾਣਕਾਰੀ ਅਨੁਸਾਰ ਕਰ ਤੇ ਆਬਕਾਰੀ ਵਿਭਾਗ ਨੇ ਨਵੀਂ ਸ਼ਰਾਬ ਨੀਤੀ ਤਿਆਰ ਕਰ ਲਈ ਹੈ। ਇਸ ਵਾਰ ਸੂਬੇ ’ਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਠੇਕੇ ਅਲਾਟ ਨਹੀਂ ਹੋ ਸਕੇ ਸਨ। ਸਰਕਾਰ ਨੇ ਮੌਜੂਦਾ ਠੇਕੇਦਾਰਾਂ ਨੂੰ ਤਿੰਨ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਨਵੀਂ ਸ਼ਰਾਬ ਨੀਤੀ ਤਹਿਤ ਸਰਕਾਰ ਨੇ 40 ਫ਼ੀਸਦੀ ਦੇ ਕਰੀਬ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। ਸੂਬੇ ’ਚ ਸ਼ਰਾਬ ਦੀ ਸਮਗਲਿੰਗ ਨੂੰ ਰੋਕਣ ਲਈ ਸ਼ਰਾਬ ਦੀ ਸਪਲਾਈ ਵਧਾਉਣ ਅਤੇ ਚੰਡੀਗੜ੍ਹ ਤੇ ਹਰਿਆਣਾ ਦੇ ਬਰਾਬਰ ਮੁੱਲ ਰੱਖਣ ਦੀ ਤਿਆਰੀ ਹੈ। ਇਸੇ ਤਰ੍ਹਾਂ ਨਵੀਂ ਨੀਤੀ ਮੁਤਾਬਿਕ ਸ਼ਰਾਬ ਦੇ ਠੇਕੇ ਇਸ ਵਾਰ ਡਰਾਅ ਰਾਹੀਂ ਨਹੀਂ ਨਿਕਲਣਗੇ ਬਲਕਿ ਵੱਡੇ ਠੇਕੇਦਾਰਾਂ ਨੂੰ ਅਲਾਟ ਕੀਤੇ ਜਾਣਗੇ। ਵਿਭਾਗ ਨੇ ਸ਼ਰਾਬ ਦੇ ਲਾਇਸੈਂਸ ਅਤੇ ਠੇਕੇ ਵਧਾਉਣ ਦਾ ਵੀ ਫ਼ੈਸਲਾ ਕੀਤਾ ਹੈ। ਇਸੇ ਤਰ੍ਹਾਂ ਪਰਚੂਨ ਸ਼ਰਾਬ ਦਾ ਮੁੱਲ ਤੈਅ ਕੀਤਾ ਜਾਵੇਗਾ ਅਤੇ ਕਿਸੇ ਵੀ ਠੇਕੇਦਾਰ ਨੂੰ ਤੈਅ ਮੁੱਲ ਤੋਂ ਵੱਧ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਾਵੇਂ ਕਰ ਤੇ ਆਬਕਾਰੀ ਵਿਭਾਗ ਨੇ ਨਵੀਂ ਸ਼ਰਾਬ ਨੀਤੀ ਤਿਆਰ ਕਰ ਲਈ ਹੈ, ਪਰ ਅੰਤਿਮ ਫ਼ੈਸਲਾ ਕੈਬਨਿਟ ਮੀਟਿੰਗ ’ਚ ਲਿਆ ਜਾਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਵੀ ਇਸ ਮਹੀਨੇ ਦੀ 20 ਤਰੀਕ ਤੱਕ ਬੁਲਾਇਆ ਜਾ ਸਕਦਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਲਈ ਬਜਟ ਸੈਸ਼ਨ 30 ਜੂਨ ਤੱਕ ਬੁਲਾਉਣ ਜਰੂਰੀ ਹੈ।























