ਪੰਜਾਬ ਵਿੱਚ ਕੈਪਟਨ ਨਾਲ ਹੀ 2022 ਦੀਆਂ ਚੋਣਾਂ ਵਿੱਚ ਜਾਇਆ ਜਾਵੇਗਾ-ਹਰੀਸ਼ ਰਾਵਤ
ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਵਿਚਕਾਰ ਪੈਦਾ ਹੋਏ ਵਿਵਾਦ ਵੀ ਛੇਤੀ ਕਰਵਾਏ ਜਾਣਗੇ ਖ਼ਤਮ

ਚੰਡੀਗੜ੍ਹ, 26ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਅੰਦਰ ਪਿਛਲੇ ਲੰਮੇ ਸਮੇਂ ਤੋਂ ਚਲ ਰਹੀ ਖਿਚੋਤਾਣ ਅਜੇ ਖਤਮ ਨਹੀਂ ਹੋਈ। ਪੰਜਾਬ ਕਾਂਗਰਸ ਦੇ ਇਸ ਝਗੜੇ ਤੋਂ ਹਾਈਕਮਾਨ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ। ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਇਹ ਮੰਨਿਆ ਹੈ ਕਿ ਅਜੇ ਪੰਜਾਬ ਕਾਂਗਰਸ ਦਾ ਸੰਕਟ ਪੂਰੀ ਤਰ੍ਹਾਂ ਨਹੀਂ ਸੁਲਝਿਆ ਹੈ। ਇਕ ਨਿੱਜੀ ਟੀਵੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਤੇ ਸਿੱਧੂ ਦੋਵੇਂ ਆਗੂਆਂ ਵਿੱਚ ਵਿਵਾਦ ਪੂਰੀ ਤਰ੍ਹਾਂ ਖਤਮ ਕਰਨ ਲਈ ਕੁਝ ਮੁੱਦਿਆਂ ਨੂੰ ਹੱਲ ਕਰਨਾ ਅਜੇ ਬਾਕੀ ਹੈ। ਫਿਲਹਾਲ2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਪਾਰਟੀ ਮੈਂਬਰ ਪਾਰਟੀ ਵਿੱਚ ਸ਼ਾਂਤੀ ਚਾਹੁੰਦੇ ਹਨ। ਕੋਸ਼ਿਸ਼ ਇਹ ਹੈ ਕਿ ਆਪਸ ਵਿੱਚ ਮਤਭੇਦ ਹੱਲ ਕੀਤੇ ਜਾਣ ਅਤੇ 2022 ਦੀਆਂ ਚੋਣਾਂ ਜਿੱਤਣ ਦੀ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਬਦਲ ਨਹੀਂ ਰਹੀ। ਅਸੀਂ ਟੈਲੇਂਟ ਨੂੰ ਪਹਿਚਾਣ ਰਹੇ ਹਾਂ। ਮੂਲ ਸਿਧਾਂਤ ਨਾਲ ਸਮਝੌਤਾ ਨਹੀਂ ਕਰ ਰਹੇ। ਲੋਕਾਂ ਨੂੰ ਕੈਪਟਨ ਉਤੇ ਵਿਸ਼ਵਾਸ ਹੈ। ਕੈਪਟਨ ਦੀ ਅਗਵਾਈ ਵਿੱਚ ਸੂਬੇ ਵਿੱਚ ਸ਼ਾਂਤੀ ਰਹੀ ਹੈ ਅਤੇ ਕੈਪਟਨ ਨੇ ਕਿਸਾਨਾਂ ਦਾ ਹੌਸਲਾ ਵਧਾਇਆ ਹੈ। ਖੇਤੀ ਸੈਕਟਰ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਨਾਲ ਹੀ ਚੋਣਾਂ ਵਿੱਚ ਜਾਇਆ ਜਾਵੇਗਾ, ਜਦੋਂ ਕਿ ਸਿੱਧੂ ਹੱਥ ਪਾਰਟੀ ਦੀ ਕਮਾਨ ਰਹੇਗੀ।





















