ਇਕੋ ਨਾਅਰਾ ਇਕੋ ਆਵਾਜ਼
ਕਿਸਾਨ ਅੰਦੋਲਨ ਜ਼ਿੰਦਾਬਾਦ
ਮਾਨਸਾ 25 ਸਤੰਬਰ :(ਵਿਸ਼ਵ ਵਾਰਤਾ ) ਪੰਜਾਬ ਦੀਆਂ 31ਕਿਸਾਨ ਜਥੇਬੰਦੀਆਂ ਵਲੋਂ ਖੇਤੀ ਬਿੱਲਾਂ ਖਿਲਾਫ਼ ਤਿੰਨ ਰੋਜ਼ਾ ਸੰਘਰਸ਼ ਦੇ ਪਹਿਲੇ ਦਿਨ ਸੂਬੇ ਭਰ ਵਿਚ ਸੁਮੱਚੀ ਰੇਲ ਵਿਵਸਥਾ ਠੱਪ ਰਹਿਣ ਤੋਂ ਬਾਅਦ ਅੱਜ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਰਾਜ ਭਰ ਮੁਕੰਮਲ ਬੰਦ ਪੂਰਾ ਕਾਮਯਾਬ ਵਿਖਾਈ ਦੇਣ ਲੱਗਿਆ ਹੈ । ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਇਸ ਦੇ ਸਫਲ ਹੋਣ ਦੀਆਂ ਲਗਾਤਾਰ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ।
ਅੱਜ ਰੇਲਾਂ ਤੋਂ ਇਲਾਵਾ, ਸਰਕਾਰੀ-ਪ੍ਰਾਈਵੇਟ ਬੱਸਾਂ,ਆਮ ਟਰੈਫਿਕ ਹੀ ਬੰਦ ਨਹੀਂ, ਸਗੋਂ ਥਾਂ -ਥਾਂ ਉਤੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਹੋਰ ਧਿਰਾਂ ਵਲੋਂ ਇਕਮਿਕ ਹੋਕੇ ਕਿਸਾਨ ਅੰਦੋਲਨ ਜ਼ਿੰਦਾਬਾਦ ਕਿਹਾ ਜਾ ਰਿਹਾ ਹੈ।
ਅੱਜ ਦੇ ਇਸ ਸਫਲ ਬੰਦ ਦੌਰਾਨ ਦਿਲਚਸਪ ਗੱਲ ਵੇਖਣ ਨੂੰ ਇਹ ਪਹਿਲੀ ਵਾਰ ਦਿਸੀ ਹੈ ਕਿ ਕੇਂਦਰ ਸਰਕਾਰ ਵਿਰੁੱਧ ਭਾਜਪਾ ਨੂੰ ਛੱਡਕੇ ਸਾਰੀਆਂ ਵੱਡੀਆਂ-ਛੋਟੀਆਂ ਸਿਆਸੀ ਧਿਰਾਂ ਵਲੋਂ ਥਾਂ -ਥਾਂ ਧਰਨੇ ਮੁਜ਼ਾਹਰੇ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਾਜਪਾ ਨਾਲ ਕੇਂਦਰ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੀ ਸੜਕਾਂ ਉੱਤੇ ਉਤਰਿਆ ਨਜ਼ਰ ਆ ਰਿਹਾ ਹੈ, ਹਾਲਾਂਕਿ ਇਸ ਨੂੰ ਦੂਸਰੀਆਂ ਸੰਘਰਸ਼ੀ ਧਿਰਾਂ ਸਮੇਤ ਕਿਸਾਨ ਜਥੇਬੰਦੀਆਂ ਨੇੜੇ ਨਹੀਂ ਲਾ ਰਹੀਆਂ ਹਨ।
ਇਸੇ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਬੀਤੀ ਕਲ੍ਹ ਤੋਂ ਸ਼ੁਰੂ ਕੀਤੇ ਗਏ 48 ਘੰਟਿਆਂ ਦੇ ਰੇਲ ਜਾਮ ਦੀ ਹਮਾਇਤ ‘ਚ ਤਾਲਮੇਲ ਵਜੋਂ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਵੀ ਮਾਨਸਾ,ਬਰਨਾਲਾ,ਨਾਭਾ(ਪਟਿਆਲਾ) ਤੇ ਛਾਜਲੀ (ਸੰਗਰੂਰ) ਵਿਖੇ ਦਿੱਲੀ ਵਾਲੇ ਰੇਲਵੇ ਰੂਟਾਂ ‘ਤੇ ਦਿਨ ਰਾਤ ਦੇ ਲੱਗੇ ਧਰਨੇ ਦੂਸਰੇ ਦਿਨ ਵਿੱਚ ਸਫਲਤਾ ਪੂਰਬਕ ਪੁੱਜ ਗਏ। ਇਸ ਤੋਂ ਇਲਾਵਾ ਦੇਵੀਦਾਸਪੁਰਾ (ਜਲੰਧਰ) ਅਤੇ ਫਿਰੋਜ਼ਪੁਰ ਵਿਖੇ ਵੀ ਰੇਲ ਜਾਮ ਧਰਨਿਆਂ ਵਿੱਚ ਹਮਾਇਤੀ ਜੱਥੇ ਸ਼ਾਮਲ ਹੋਏ।

























