ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਟੈਰਰ ਫੰਡਿਗ ਦੇ ਮਾਮਲੇ ‘ਚ ਗ੍ਰਿਫਤਾਰ
ਪੜ੍ਹੋ ਕਿਹੜੇ ਅੱਤਵਾਦੀ ਸੰਗਠਨ ਨਾਲ ਜੁੜੀਆਂ ਹਨ ਤਾਰਾਂ
ਚੰਡੀਗੜ੍ਹ 19 ਨਵੰਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਸਥਿਤ ਪੰਜਾਬ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੂੰ ਟੈਰਰ ਫੰਡਿੰਗ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਫੜ੍ਹਿਆ ਗਿਆ ਮੁਲਜ਼ਮ ਪੰਜਾਬ ਯੂਨੀਵਰਸਿਟੀ ‘ਚ ਐੱਮਏ ਦਾ ਵਿਦਿਆਰਥੀ ਹੈ। ਜਿਸ ਦੀ ਪਛਾਣ ਅਰਸ਼ਦੀਪ ਦੇ ਤੌਰ ‘ਤੇ ਹੋਈ ਹੈ ਜੋ ਕਿ ਮੂਲ ਰੂਪ ‘ਚ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਪੰਜਾਬ ਦੇ ਭਵਾਨੀਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹੋਰ ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗੁਪਤ ਸੂਚਨਾ ਦੇ ਆਧਾਰ ਤੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਅਰਸ਼ਦੀਪ ਦੇ ਵਿਦੇਸ਼ ਵਿੱਚ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨਾਲ ਵੀ ਸੰਬੰਧ ਦੱਸੇ ਜਾ ਰਹੇ ਹਨ।
ਇਸ ਤੋਂ ਇਲਾਵਾ ਅੱਤਵਾਦੀ ਸੰਗਠਨ ਆਈਐਸਆਈ ਦੇ ਵਿਦੇਸ਼ ਬੈਠੇ ਗੁੰਡਿਆਂ ਵੱਲੋਂ ਅਰਸ਼ਦੀਪ ਦੇ ਬੈਂਕ ਖਾਤੇ ‘ਚ ਪੈਸੇ ਭੇਜੇ ਜਾ ਰਹੇ ਸਨ। ਮੁਲਜ਼ਮ ਦੀ ਗ੍ਰਿਫ਼ਤਾਰੀ ਉਸ ਦੇ ਬੈਂਕ ਖਾਤੇ ਦੇ ਵੇਰਵੇ ਦੇ ਆਧਾਰ ’ਤੇ ਕੀਤੀ ਗਈ ਹੈ। ਜਿਸ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਅਤੇ ਸਪੈੱਸ਼ਲ ਸੈੱਲ ਵੱਲੋਂ ਮੁਲਜ਼ਮ ਵਿਦਿਆਰਥੀ ਦੇ ਨਾਲ ਜੁੜੇ ਹੋਰਨਾਂ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਬੈਂਕ ਖਾਤਿਆਂ ਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਅੱਤਵਾਦੀ ਸੰਗਠਨ ਵੱਲੋਂ ਭੇਜੇ ਗਏ ਪੈਸਿਆਂ ਦੀ ਵਰਤੋਂ ਕਦੋਂ ਅਤੇ ਕਿਹੜੇ ਕੰਮਾਂ ਲਈ ਕੀਤੀ ਗਈ ਹੈ।























