ਪੰਜਾਬ ਮੰਤਰੀ ਮੰਡਲ ਵਿੱਚ ਜਲਦ ਹੋ ਸਕਦਾ ਹੈ ਫੇਰਬਦਲ !
ਪੜ੍ਹੋ ਕਿਹੜੇ ਮੰਤਰੀਆਂ ਦੀ ਕੈਬਨਿਟ ਵਿੱਚੋਂ ਹੋ ਸਕਦੀ ਹੈ ਛੁੱਟੀ ਅਤੇ ਕਿਹੜੇ ਨਵੇਂ ਚਿਹਰਿਆਂ ਦੀ ਐਂਟਰੀ ਦੇ ਚਰਚੇ
ਚੰਡੀਗੜ੍ਹ ,12 ਦਸੰਬਰ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਵਿੱਚ ਜਲਦ ਫੇਰਬਦਲ ਕੀਤੇ ਜਾਣ ਦੀਆਂ ਚਰਚਾਵਾਂ ਜੋਰਾਂ ਤੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਅਗਲੇ ਹਫਤੇ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਵੀ ਪਿਛਲੇ ਅੱਠ ਮਹੀਨਿਆਂ ਤੋਂ ਮੰਤਰੀਆਂ ਦੀ ਕਾਰਗੁਜ਼ਾਰੀ ਤੇ ਨਿਗ੍ਹਾ ਰੱਖ ਰਹੇ ਹਨ, ਜਿਸ ਤੋਂ ਬਾਅਦ ਮੰਤਰੀ ਮੰਡਲ ਵਿੱਚੋਂ ਦੋ ਚਿਹਰਿਆਂ ਦੀ ਛੁੱਟੀ ਕੀਤੇ ਜਾਣ ਦੇ ਚਰਚੇ ਜ਼ੋਰਾਂ ਤੇ ਹਨ। ਇਹਨਾਂ ਵਿੱਚੋਂ ਪਿਛਲੇ ਦਿਨੀਂ ਵਾਇਰਲ ਹੋਈ ਆਡੀਓ ਕਲਿੱਪ ਨੂੰ ਲੈ ਕਿ ਚਰਚਾ ‘ਚ ਰਹਿਣ ਵਾਲੇ ਫੌਜਾ ਸਿੰਘ ਸਰਾਰੀ ਦੇ ਨਾਮ ਨੂੰ ਲੈ ਕੇ ਵੀ ਕਿਆਸਰਾਈਆਂ ਲੱਗ ਰਹੀਆਂ ਹਨ। ਇਸ ਦੇ ਨਾਲ ਹੀ ਇੱਕ ਮਹਿਲਾ ਮੰਤਰੀ ਹਾਈਕਮਾਂਡ ਦੇ ਨਿਸ਼ਾਨੇ ਤੇ ਹੈ।
ਮੰਤਰੀ ਮੰਡਲ ਵਿੱਚ ਵਿਭਾਗਾਂ ਦੀ ਵੰਡ ਇੱਕ ਵਾਰ ਫਿਰ ਕੀਤੀ ਜਾ ਸਕਦੀ ਹੈ, ਕਈ ਮੰਤਰੀਆਂ ਤੋਂ ਅਹਿਮ ਅਤੇ ਵੱਡੇ ਮੰਤਰਾਲੇ ਵਾਪਸ ਲੈ ਕੇ ਦੂਜਿਆਂ ਨੂੰ ਸੌਂਪੇ ਜਾ ਸਕਦੇ ਹਨ। ਇਸ ਤੋਂ ਇਲਾਵਾ ਨਵੇਂ ਚਿਹਰੇ ਜੋ ਮੰਤਰੀ ਮੰਡਲ ਦਾ ਹਿੱਸਾ ਬਣ ਸਕਦੇ ਹਨ। ਉਹਨਾਂ ਵਿੱਚ ਵੱਡੇ ਸਿਆਸੀ ਵਿਰੋਧੀਆਂ ਨੂੰ ਹਰਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਾਲੇ ਵਿਧਾਇਕਾਂ ਦੇ ਨਾਮ ਚਰਚਾ ‘ਚ ਹਨ। ਦੱਸ ਦਈਏ ਕਿ ਇਹਨਾਂ ਵਿੱਚ ਅਜੀਤਪਾਲ ਕੋਹਲੀ, ਜਿਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਗੁਰਮੀਤ ਸਿੰਘ ਖੁੱਡੀਆਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ, ਡਾ.ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਤੋਂ ਅਤੇ ਲਾਭ ਸਿੰਘ ਉੱਗੋਕੇ ਨੇ ਭਦੌੜ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਤੇ ਡਾ.ਜੀਵਨਜੋਤ ਕੌਰ ਨੇ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ, ਗੋਲਡੀ ਕੰਬੋਜ ਨੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਨੂੰ ਹਰਾਇਆ ਸੀ। ਇਸ ਤੋਂ ਇਲਾਵਾ ਸਾਬਕਾ ਆਈਪੀਐੱਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਅਤੇ ਦੂਜੀ ਵਾਰ ਵਿਧਾਇਕ ਬਣਨ ਵਾਲੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸਰਬਜੀਤ ਕੌਰ ਮਾਣੂੰਕੇ ਵੀ ਮੰਤਰੀ ਮੰਡਲ ਦਾ ਹਿੱਸਾ ਬਣਾਏ ਜਾ ਸਕਦੇ ਹਨ। ਹਾਲਾਂਕਿ ਇਹਨਾਂ ਖ਼ਬਰਾਂ ਆਮ ਆਦਮੀ ਪਾਰਟੀ ਜਾਂ ਹਾਈਕਮਾਂਡ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।























