ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦਿਹਾਂਤ

ਜਲੰਧਰ 6 ਮਾਰਚ (ਵਿਸ਼ਵ ਵਾਰਤਾ) ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਭਾਸ਼ਾ ਨੂੰ ਉਸ ਸਮੇਂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦੋਂ ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ । ਮੇਜਰ ਸਿੰਘ ਕਰੀਬ 68 ਵਰ੍ਹਿਆਂ ਦੇ ਸਨ । ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਪੂਰੇ ਪੱਤਰਕਾਰ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ । ਉਨ੍ਹਾਂ ਦੇ ਘਰ ਕਈ ਰਾਜਨੀਤਕ , ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਦੁੱਖ ਪ੍ਰਗਟ ਕੀਤਾ । ਸਥਾਨਕ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿੱਚ ਪੰਜਾਬ ਦੀਆਂ ਮੁੱਖ ਸ਼ਖ਼ਸੀਅਤਾਂ ਅਤੇ ਭਾਰੀ ਗਿਣਤੀ ਵਿਚ ਪੱਤਰਕਾਰਾਂ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿਚ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਗਿਆ। ਮੇਜਰ ਸਿੰਘ ਆਪਣੇ ਪਿੱਛੇ ਪਤਨੀ, ਤਿੰਨ ਬੇਟੇ ਅਤੇ ਇੱਕ ਧੀ ਛੱਡ ਗਏ ਹਨ। ਉਨ੍ਹਾਂ ਦੇ ਬੇਟਿਆਂ ਪ੍ਰਤੀਕ ਸਿੰਘ ਤੇ ਪੁਨੀਤਪਾਲ ਸਿੰਘ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਦਿਖਾਈ । ਇਸ ਮੌਕੇ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਸ. ਬਰਜਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪੱਤਰਕਾਰ ਭਾਈਚਾਰੇ ਵਿਚ ਉਨ੍ਹਾਂ ਦੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ , ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਮਨਵਿੰਦਰ ਸਿੰਘ ਨੇ , ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਗੁਰਕੀਰਤ ਕਿਰਪਾਲ ਸਿੰਘ ਵੱਲੋਂ , ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰੀ ਹਾਕਮ ਥਾਪਰ ਨੇ ਅਤੇ ਸੂਚਨਾ ਤੇ ਲੋਕ ਸੰਪਰਕ ਦੇ ਡਾਇਰੈਕਟਰ ਅਨੰਦਿਤਾ ਮਿਤਰਾ ਵੱਲੋਂ , ਏ.ਪੀ.ਆਰ.ਓ. ਵਿਕਾਸ ਵੋਹਰਾ ਨੇ ਗੁਲਦਸਤੇ ਭੇਂਟ ਕੀਤੇ । ਇਸ ਮੌਕੇ ਅਕਾਲੀ ਪੱਤ੍ਰਿਕਾ ਦੇ ਡਾਇਰੈਕਟਰ ਪਵਨਦੀਪ ਸਿੰਘ , ਸੀਨੀਅਰ ਪੱਤਰਕਾਰ ਦਵਿੰਦਰਜੀਤ ਸਿੰਘ ਦਰਸ਼ੀ ਤੋਂ ਇਲਾਵਾ ਕਈ ਅਖ਼ਬਾਰਾਂ ਦੇ ਸੰਪਾਦਕ , ਸਮਾਜਿਕ , ਧਾਰਮਿਕ ਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ , ਪ੍ਰਿੰਟ ਐਂਡ ਇਲੈਕਟ੍ਰੋਨਿਕਸ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਰਿੰਦਰਪਾਲ ਤੋਂ ਇਲਾਵਾ ਕਈ ਸ਼ਖਸੀਅਤਾਂ ਮੌਜੂਦ ਸਨ ।






















