ਚੰਡੀਗੜ, 13 ਜਨਵਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਚਾਲੀ ਮੁਕਤਿਆਂ ਦੀ ਸਹਾਦਤ ਨੂੰ ਨਮਨ ਕਰਦਿਆਂ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦਾਂ ਦੀ ਯਾਦ ਵਿਚ ਲੱਗਣ ਵਾਲੇ ਜੋੜ ਮੇਲਿਆਂ ਵਿਚ ਸਿਆਸੀ ਕਾਨਫਰੰਸਾਂ ਨਾ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਆਸੀ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਹੈ।
ਜਾਖੜ ਨੇ ਕਿਹਾ ਕਿ ਮਾਘੀ ਦਾ ਮੇਲਾ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੀ ਸ਼ਰਧਾਂ ਭੇਂਟ ਕਰਦੇ ਹਾਂ ਉਥੇ ਹੀ ਸਾਡੇ ਮਹਾਨ ਗੁਰੂਆਂ ਵੱਲੋਂ ਵਿਖਾਏ ਰਾਹ ਤੇ ਚੱਲਣ ਦਾ ਸੰਕਲਪ ਲੈਂਦੇ ਹਾਂ। ਉਨਾਂ ਨੇ ਕਿਹਾ ਕਿ ਦੂਜੇ ਪਾਸੇ ਧਰਮ ਦੇ ਨਾਂਅ ਤੇ ਸਿਆਸਤ ਕਰਨ ਵਾਲੇ ਅਕਾਲੀ ਦਲ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਸ ਲਈ ਸਿਆਸੀ ਹਿੱਤ ਹੀ ਸਭ ਕੁਝ ਹਨ। ਉਨਾਂ ਕਿਹਾ ਕਿ ਪੰਥਕ ਪਾਰਟੀ ਅਖਵਾਉਣ ਵਾਲੇ ਆਗੂਆਂ ਨੇ ਸ਼ਹੀਦਾਂ ਦੀ ਯਾਦ ਵਿਚ ਲੱਗਣ ਵਾਲੇ ਮੇਲੇ ਵਿਚ ਸਿਆਸੀ ਕਾਨਫਰੰਸ ਕਰਕੇ ਖੁਦ ਹੀ ਆਪਣੇ ਚਿਹਰੇ ਤੋਂ ਨਕਾਬ ਉਤਾਰ ਲਿਆ ਹੈ।
ਜਾਖੜ ਨੇ ਕਿਹਾ ਕਿ ਪਿੱਛਲੇ 10 ਸਾਲ ਤੱਕ ਪੰਜਾਬ ਦੀ ਸੱਤਾ ਤੇ ਕਾਬਜ ਰਹੇ ਅਕਾਲੀ ਦਲ ਨੇ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਜਦ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲਾ ਸਾਬਕਾ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦਾ ਘਰੇਲੂ ਜ਼ਿਲਾ ਹੈ।
ਜਾਖੜ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਹੀ ਸੀ ਜਿਸ ਨੇ 1995 ਵਿਚ ਸ੍ਰੀ ਮੁਕਤਸਰ ਸਾਹਿਬ ਨੂੰ ਜ਼ਿਲੇ ਦਾ ਦਰਜਾ ਦਿੱਤਾ ਸੀ। ਇਸ ਤੋਂ ਬਾਅਦ 2002 ਤੋਂ 2007 ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਦਰਜੇ ਨੂੰ ਧਿਆਨ ਵਿਚ ਰੱਖਦੇ ਹੋਏ ਯਾਦਗਾਰੀ ਗੇਟ ਉਸਾਰਵਾਏ ਸਨ। ਇਸੇ ਤਰਾਂ ਕਾਂਗਰਸ ਸਰਕਾਰ ਸਮੇਂ ਹੀ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕਤ ਏ ਮਿਨਾਰ ਯਾਦਗਾਰ ਦੀ ਉਸਾਰੀ ਵੀ ਕਰਵਾਈ ਗਈ ਸੀ। ਜਦ ਕਿ ਅਕਾਲੀ ਸਰਕਾਰ ਸਮੇਂ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਮਹੱਤਵ ਦੇ ਮੱਦੇਨਜ਼ਰ ਕੋਈ ਵੀ ਯਾਦਗਾਰ ਜਾਂ ਸ਼ਹਿਰ ਦਾ ਹੋਰ ਵਿਕਾਸ ਨਹੀਂ ਕਰਵਾਇਆ ਗਿਆ। ਜਾਖੜ ਨੇ ਕਿਹਾ ਕਿ ਅਕਾਲੀ ਦਲ ਸਿਰਫ ਧਰਮ ਦੇ ਨਾਂਅ ਤੇ ਰਾਜਨੀਤੀ ਕਰਦਾ ਹੈ ਜਦ ਕਿ ਇਸਦੇ ਆਗੂਆਂ ਨੂੰ ਧਾਰਮਿਕ ਰਹੁ ਰੀਤਾਂ ਦੀ ਕੋਈ ਪ੍ਰਵਾਹ ਨਹੀਂ ਹੈ।