ਪੰਜਾਬ ਪੁਲੀਸ ਵੱਲੋਂ ਮਾਲਵਾ ਖੇਤਰ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਖੇਤਰ ਨੂੰ ਕੀਤਾ ਸੀਲ
ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਲਈ ਕਰੋਨਾ ਦੀ ਨੈਗੇਟਿਵ ਰਿਪੋਰਟ ਤੇ ਵੈਕਸੀਨ ਲਾਜ਼ਮੀ

ਮਾਨਸਾ, 3 ਮਈ : ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਮਾਲਵਾ ਖੇਤਰ ਦੀਆਂ ਹਰਿਆਣਾ ਨਾਲ ਲੱਗਦੀਆਂ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।ਇਨ੍ਹਾਂ ਹੱਦਾਂ ਨੂੰ ਸੀਲ ਕਰਨ ਦੇ ਆਦੇਸ਼ ਸੂਬੇ ਦੇ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ 15 ਮਈ ਤੱਕ ਪੰਜਾਬ ਪੁਲੀਸ ਨੂੰ ਦਿੱਤੇ ਗਏ ਹਨ, ਜਿਸ ਤਹਿਤ ਮਾਨਸਾ ਤੋਂ ਇਲਾਵਾ ਬਠਿੰਡਾ, ਸੰਗਰੂਰ, ਪਟਿਆਲਾ ਜ਼ਿਲ੍ਹਿਆਂ ਵਿੱਚ ਦਿਨ-ਰਾਤ ਦੀਆਂ ਨਾਕੇਬੰਦੀਆਂ ਕਾਇਮ ਕਰ ਦਿੱਤੀਆਂ ਗਈਆਂ ਹਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਵੱਲੋਂ ਹਰਿਆਣਾ ਦੀ ਹੱਦ ਨਾਲ ਲੱਗਦੇ ਸਰਦੂਲਗੜ੍ਹ ਅਤੇ ਬੁਢਲਾਡਾ ਸਬ-ਡਵੀਜ਼ਨ ਦੇ ਸਾਰੇ ਥਾਣਾ ਮੁੱਖੀਆਂ ਨੂੰ ਗੁਆਂਢੀ ਸੂਬੇ ਵੱਲੋਂ ਆਉਂਦੇ ਸਾਰੇ ਰਸਤਿਆਂ ’ਤੇ ਦਿਨ-ਰਾਤ ਦੀਆਂ ਨਾਕੇਬੰਦੀਆਂ ਆਰੰਭ ਕੀਤੀਆਂ ਗਈਆਂ ਹਨ। ਉਚ ਪੁਲੀਸ ਅਧਿਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਸਬ-ਡਵੀਜ਼ਨ ਵਿੱਚ ਹਰਿਆਣਾ ਦੀ ਹੱਦ ਨੂੰ ਸੀਲ ਕਰਦਿਆਂ 8 ਨਾਕੇ ਲਗਾਏ ਗਏ ਹਨ ਅਤੇ ਇਸੇ ਤਰ੍ਹਾਂ ਬੁਢਲਾਡਾ ਸਬ-ਡਵੀਜ਼ਨ ਵਿੱਚ ਹਰਿਆਣਾ ਸੂਬੇ ਵੱਲੋਂ ਆਉਂਦੇ ਮੁੱਖ ਮਾਰਗਾਂ ਤੋਂ ਇਲਾਵਾ 3 ਨਾਕੇ ਕਾਇਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਕਿਆਂ ਉਪਰ ਬਾਹਰਲੇ ਸੂਬਿਆਂ ’ਚੋਂ ਆਉਂਦੇ ਵਿਅਕਤੀਆਂ ਦੇ ਕਰੋਨਾ ਦੀ ਨੈਗਟਿਵ ਰਿਪੋਰਟ ਵੇਖਕੇ ਹੀ ਲੰਘਣ ਦੀ ਆਗਿਆ ਦਿੱਤੀ ਜਾ ਸਕੇਗੀ ਜਾਂ ਪਿਛਲੇ ਦੋ ਹਫ਼ਤਿਆਂ ਤੋਂ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲਏ ਜਾਣ ਵਾਲਾ ਸਰਟੀਫਿਕੇਟ ਵਿਖਾਉਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ।
ਸ੍ਰੀ ਲਾਂਬਾ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਸਰਹੱਦ ਸੀਲ ਤੋਂ ਇਲਵਾ ਜਿਲ੍ਹਾ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਮਾਨਸਾ ਪੁਲੀਸ ਵੱਲੋਂ ਜਿਲ੍ਹੇ ਅੰਦਰ ਅਸਰਦਾਰ ਢੰਗ ਨਾਲ ਨਾਕੇ ਲਗਵਾਕੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲਾ ਮਾਨਸਾ ਨੂੰ 48 ਨਾਕੇ (ਦਿਨ/ਰਾਤ ਦੇ) ਅਤੇ 7 ਨਾਕੇ (ਸਿਰਫ ਰਾਤ ਸਮੇਂ) ਕੁੱਲ 55 ਨਾਕੇ ਲਗਾਕੇ ਚਾਰੇ ਪਾਸਿਓ ਸੀਲ ਕੀਤਾ ਗਿਆ ਹੈ,ਜਿਨ੍ਹਾਂ ਵਿੱਚੋਂ 21 ਨਾਕੇ ਅੰਤਰਰਾਜੀ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ ਵਿੱਚ ਵੀ ਨਾਕੇਬੰਦੀਆਂ ਕਾਇਮ ਕਰਕੇ ਬਜ਼ਾਰਾਂ ਵਿੱਚ ਦੁਕਾਨਾਂ ਨੂੰ ਵੱਖਰੇ ਤੌਰ ’ਤੇ ਬੰਦ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਜਿਹੜੇ ਲੋਕ ਪੁਲੀਸ ਦੀਆਂ ਹਦਾਇਤਾਂ ਦੀ ਜਾਣ-ਬੁੱਝਕੇ ਪਾਲਣਾ ਨਹੀਂ ਸੀ ਕਰ ਰਹੇ, ਉਨ੍ਹਾਂ ਦਾ ਬਕਾਇਦਾ ਚਲਾਨ ਕੀਤਾ ਗਿਆ ਹੈ।























