ਚੰਡੀਗੜ੍ਹ 4 ਨਵੰਬਰ ( ਵਿਸ਼ਵ ਵਾਰਤਾ )-ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗੁਰਮੀਤ ਰਾਮ ਰਹੀਮ ਤੋਂ ਹਰਿਆਣਾ ਦੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕਰੇਗੀ ਪੁੱਛ- ਗਿੱਛ। ਰਾਮ ਰਹੀਮ ‘ਤੇ ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੇਸ ਹੈ। ਐਸਆਈਟੀ ਨੇ ਬਾਬਾ ਰਾਮ ਰਹੀਮ ਤੋਂ 8 ਨਵੰਬਰ ਨੂੰ ਪੁੱਛਗਿੱਛ ਕੀਤੀ ਜਾਵੇਗੀ । ਐਸਆਈਟੀ ਨੇ ਸਵਾਲਾਂ ਦੀ ਲੰਬੀ ਸੂਚੀ ਤਿਆਰ ਕੀਤੀ ਹੈ। ਇਸ ਵਿੱਚ ਕਰੀਬ 100 ਸਵਾਲ ਪੁੱਛੇ ਜਾ ਰਹੇ ਹਨ। ਐਸਆਈਟੀ ਰਾਮ ਰਹੀਮ ਤੋਂ ਡੇਰੇ ਦੀ ਰਾਸ਼ਟਰੀ ਕਮੇਟੀ ਦੇ 3 ਮੈਂਬਰਾਂ ਦੇ ਠਿਕਾਣਿਆਂ ਬਾਰੇ ਵੀ ਪੁੱਛਗਿੱਛ ਕਰੇਗੀ ਜੋ ਬੇਅਦਬੀ ਮਾਮਲੇ ਵਿੱਚ ਭਗੌੜੇ ਹਨ।
ਜਾਣਕਾਰੀ ਅਨੁਸਾਰ ਫਰੀਦਕੋਟ ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਸੀ। ਇਸ ਵਿੱਚ ਐਸਆਈਟੀ ਨੇ ਰਾਮ ਰਹੀਮ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕਰਨੀ ਸੀ, ਹਾਲਾਂਕਿ ਰਾਮ ਰਹੀਮ ਦੇ ਵਕੀਲ ਹਾਈਕੋਰਟ ਗਏ ਸਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਬਾਅਦ ਐਸਆਈਟੀ ਨੂੰ ਪੁੱਛਗਿੱਛ ਲਈ ਸੁਨਾਰੀਆ ਜੇਲ੍ਹ ਜਾਣ ਲਈ ਕਿਹਾ ਗਿਆ।
ਪੰਜਾਬ ਪੁਲਿਸ ਦੀ ਐਸਆਈਟੀ 6 ਸਾਲ ਪਹਿਲਾਂ ਦਰਜ ਹੋਏ ਬੇਅਦਬੀ ਮਾਮਲੇ ਵਿੱਚ ਡੇਰਾ ਮੁਖੀ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਮਾਮਲਾ 1 ਜੁਲਾਈ 2015 ਦਾ ਹੈ, ਜਦੋਂ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਤੋਂ 5 ਕਿਲੋਮੀਟਰ ਦੂਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਹੋ ਗਿਆ ਸੀ। 24 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰੇ ਨੇੜੇ ਦੋ ਹੱਥ ਲਿਖਤ ਪੋਸਟਰ ਲੱਗੇ ਮਿਲੇ ਸਨ।ਦੋਸ਼ ਹੈ ਕਿ ਪੰਜਾਬੀ ਭਾਸ਼ਾ ਵਿੱਚ ਲਿਖੇ ਇਨ੍ਹਾਂ ਪੋਸਟਰਾਂ ਵਿੱਚ ਅਪਸ਼ਬਦ ਲਿਖੇ ਗਏ ਸਨ ਅਤੇ ਪਵਿੱਤਰ ਸਰੂਪਾਂ ਦੀ ਚੋਰੀ ਵਿੱਚ ਡੇਰਾ ਸੱਚਾ ਸੌਦਾ ਦਾ ਹੱਥ ਵੀ ਲਿਖਿਆ ਗਿਆ ਸੀ। 12 ਅਕਤੂਬਰ 2015 ਨੂੰ ਬੁਰਜ ਜਵਾਹਰ ਸਿੰਘਵਾਲਾ ਦੀਆਂ ਗਲੀਆਂ ਵਿੱਚ ਪਵਿੱਤਰ ਸਰੂਪ ਦੇ ਅੰਗ ਖਿੱਲਰੇ ਪਾਏ ਗਏ। ਇਸ ਤੋਂ ਬਾਅਦ ਸਿੱਖ ਸੰਗਤ ‘ਤੇ ਗੋਲੀ ਚਲਾਉਣ ਦੀ ਘਟਨਾ ਵੀ ਵਾਪਰੀ। ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਸੀ।