ਪੰਜਾਬ ਦੇ ਸੈਂਕੜੇ ਉਮੀਦਵਾਰ ਆਪਣੇ ਆਪ ਨੂੰ ਨਹੀਂ ਪਾ ਸਕਣਗੇ ਵੋਟ
ਪੜ੍ਹੋ, ਸੁਖਬੀਰ ਬਾਦਲ, ਭਗਵੰਤ ਮਾਨ,ਬਿਕਰਮ ਮਜੀਠੀਆ ਤੋਂ ਇਲਾਵਾ ਹੋਰ ਕਿਹੜੇ ਉਮੀਦਵਾਰ ਰਹਿਣਗੇ ਆਪਣੀ ਵੋਟ ਤੋਂ ਵਾਂਝੇ
ਚੰਡੀਗੜ੍ਹ, 4 ਫਰਵਰੀ(ਵਿਸ਼ਵ ਵਾਰਤਾ)-ਭਾਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਜੰਗ ਵਿੱਚ ਇੱਕ-ਇੱਕ ਵੋਟ ਕੀਮਤੀ ਮੰਨੀ ਜਾ ਰਹੀ ਹੈ, ਪਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਜਲਾਲਾਬਾਦ ਅਤੇ ਮਾਨਸਾ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੇ ਹੱਕ ਵੋਟ ਨਹੀਂ ਪਾ ਸਕਣਗੀਆਂ। ਇਹ ਉਮੀਦਵਾਰ ਆਪਣੇ-ਆਪ ਨੂੰ ਵੀ ਆਪਣੀ ਵੋਟ ਨਹੀਂ ਪਾ ਸਕਣਗੇ। ਭਦੌੜ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਉਨ੍ਹਾਂ ਦੀ ਆਪਣੀ ਅਤੇ ਧਰਮਪਤਨੀ ਸਮੇਤ ਪੂਰੇ ਪਰਿਵਾਰ ਦੀ ਵੋਟ ਨਹੀਂ ਪੈ ਸਕੇਗੀ।
ਵੇਰਵਿਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਵਿੱਚ ਸਭ ਤੋਂ ਹਾਟ ਸੀਟ ਅੰਮ੍ਰਿਤਸਰ (ਈਟਸ) ਵੀ ਹੈ, ਜਿੱਥੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਮੈਦਾਨ ਵਿੱਚ ਹਨ। ਇਨ੍ਹਾਂ ਦੋਨੋਂ ਉਮੀਦਵਾਰਾਂ ਦੀਆਂ ਧਰਮ ਪਤਨੀਆਂ ਵੀ ਇਨ੍ਹਾਂ ਨੂੰ ਵੋਟ ਨਹੀਂ ਪਾ ਸਕਣਗੀਆਂ, ਪਰ ਬਿਕਰਮ ਸਿੰਘ ਮਜੀਠੀਆ ਆਪਣੀ ਧਰਮ ਪਤਨੀ ਗੁਨੀਤ ਕੌਰ ਨੂੰ ਵੋਟ ਜ਼ਰੂਰ ਪਾ ਸਕਣਗੇ। ਵੇਰਵਿਆਂ ਅਨੁਸਾਰ ਨਵਜੋਤ ਸਿੱਧੂ ਦੀ ਪਤਨੀ ਦੀ ਵੋਟ ਅੰਮ੍ਰਿਤਸਰ (ਵੈਸਟ) ਹੈ। ਇਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਦੀ ਵੋਟ ਮਜੀਠਾ ਹਲਕੇ ਵਿੱਚ ਹੈ। ਉਸੇ ਸੀਟ ਉਤੇ ਆਈਏਐਸ ਜਗਮੋਹਨ ਸਿੰਘ ਰਾਜੂ ਦੀ ਵੋਟ ਪਟਿਆਲਾ ਹਲਕੇ ਵਿੱਚ ਹੈ, ਉਹ ਆਪਣੇ-ਆਪ ਨੂੰ ਵੀ ਵੋਟ ਨਹੀਂ ਪਾ ਸਕੇਗਾ।
ਭਾਵੇਂ ਪੰਜਾਬ ਵਿੱਚ ਇੱਕ-ਇੱਕ ਵੋਟ ਲਈ ਹਰ ਹੀਲਾ ਵਸੀਲਾ ਵਰਤਿਆ ਜਾਣ ਲੱਗਾ ਹੈ, ਪਰ ਜਿਹੜੇ ਉਮੀਦਵਾਰ ਆਪਣੇ ਜੱਦੀ ਹਲਕੇ ਦੀ ਥਾਂ ਹੋਰਨਾਂ ਹਲਕਿਆਂ ਵਿੱਚ ਚੋਣ ਲੜ ਰਹੇ ਹਨ, ਉਹ ਆਪਣੀ ਵੋਟ ਵੀ ਆਪਣੇ ਆਪ ਨੂੰ ਨਹੀਂ ਪਾ ਸਕਣਗੇ।
ਮਾਨਸਾ ਜ਼ਿਲ੍ਹੇ ਵਿੱਚ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਡਾ. ਰਣਬੀਰ ਕੌਰ ਮੀਆਂ ਦੀ ਰਿਹਾਇਸ਼ਤ ਸਰਦੂਲਗੜ੍ਹ ਹਲਕੇ ਦੇ ਪਿੰਡ ਮੀਆਂ ਵਿੱਚ, ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਦੀ ਰਿਹਾਇਸ਼ ਮਾਨਸਾ ਵਿਖੇ ਹੈ, ਉਹ ਆਪਣੀ ਵੋਟ ਆਪ ਦੀ ਥਾਂ ਕਿਸੇ ਹੋਰ ਉਮੀਦਵਾਰ ਦੇ ਹੱਕ ਵਿੱਚ ਪਾਉਣਗੇ।
ਮੌੜ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਅਤੇ ਉਥੋਂ ਹੀ ਕਾਂਗਰਸ ਦੇ ਉਮੀਦਵਾਰ ਡਾ. ਮਨੋਜ਼ ਬਾਲਾ ਸਾਰਾ-ਸਾਰਾ ਦਿਨ ਇੱਕ-ਇੱਕ ਵੋਟ ਲਈ ਮਿਹਨਤ ਕਰ ਰਹੇ ਹਨ, ਪਰ ਉਹ ਆਪਣੀ ਵੋਟ ਆਪਣੇ-ਆਪ ਨੂੰ ਪਾਉਣ ਵਿੱਚ ਫੇਲ੍ਹ ਹੋ ਜਾਣਗੇ। ਸ੍ਰੀ ਬਰਾੜ ਦੀ ਧਰਮਪਤਨੀ ਅਤੇ ਡਾ. ਬਾਲਾ ਦੇ ਪਤੀਦੇਵ ਮੰਗਤ ਰਾਏ ਬਾਂਸਲ ਵੀ ਆਪਣੀ ਵੋਟ ਆਪਣੀ ਧਰਮਪਤਨੀ ਦੇ ਹੱਕ ਵਿੱਚ ਨਹੀਂ ਭੁਗਤਾ ਸਕਣਗੇ।
ਰੁਾਲਵਾ ਖੇਤਰ ਵਿੱਚ ਮਾਨਸਾ ਤੋਂ ਲੋਕ ਕਾਂਗਰਸ ਦੇ ਉਮੀਦਵਾਰ ਪ੍ਰੋ. ਜੀਵਨ ਦਾਸ ਬਾਵਾ, ਸੀ.ਪੀ.ਆਈ(ਐਮ.ਐਲ) ਲਿਬਰੇਸ਼ਨ ਦੇ ਭਦੌੜ ਤੋਂ ਉਮੀਦਵਾਰ ਭਗਵੰਤ ਸਿੰਘ ਸਮਾਓ, ਸੁਨਾਮ ਤੋਂ ਲਿਬਰੇਸ਼ਨ ਉਮੀਦਵਾਰ ਹਰਭਗਵਾਨ ਭੀਖੀ ਨੂੰ ਉਨ੍ਹਾਂ ਦੀ ਅਤੇ ਧਰਮਪਤਨੀਆਂ ਦੀਆਂ ਵੋਟਾਂ ਨਹੀਂ ਪੈ ਸਕਣਗੀਆਂ। ਬਰਨਾਲਾ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਆਪਣੇ ਪੁੱਤਰ ਮੁਨੀਸ਼ ਬਾਂਸਲ ਨੂੰ ਟਿਕਟ ਦਿਵਾਉਣ ਵਿੱਚ ਤਾਂ ਸਭ ਨੂੰ ਕੱਟ ਗਏ, ਪਰ ਉਹ ਵੋਟ ਨਹੀਂ ਆਪਣੇ ਬੇਟੇ ਨੂੰ ਪਾ ਸਕਣਗੇ ਅਤੇ ਨਾ ਹੀ ਮੁਨੀਸ਼ ਬਾਂਸਲ ਖੁਦ ਆਪਣੇ-ਆਪ ਨੂੰ ਵੋਟ ਪਾ ਸਕਣਗੇ।
ਵੇਰਵਿਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਵਿੱਚ ਸੈਂਕੜੇ ਤੋਂ ਵੱਧ ਐਸੇ ਉਮੀਦਵਾਰ ਹਨ, ਜੋ ਸਾਰਾ-ਸਾਰਾ ਦਿਨ ਪੇਂਡੂ ਅਤੇ ਸ਼ਹਿਰੀ ਵੋਟਰਾਂ ਦੇ ਚਰਨੀਂ ਹੱਥ ਵੋਟਾਂ ਲਈ ਲਾ ਰਹੇ ਹਨ, ਪਰ ਆਪਣੇ ਆਪ ਨੂੰ ਆਪਣੀ ਵੋਟ ਪਵਾਉਣ ਲਈ ਉਂਗਲ ਨਾਲ ਬਟਨ ਨਹੀਂ ਦੱਬ ਸਕਣਗੇ।























