ਚੰਡੀਗੜ, 30 ਜੂਨ – ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਅੱਜ ਸੇਵਾ ਮੁਕਤ ਹੋ ਗਏ। ਆਪਣੇ ਸੇਵਾ ਕਾਲ ਦੌਰਾਨ ਕਈ ਵਿਵਾਦਾਂ ਵਿਚ ਰਹੇ 1982 ਬੈਚ ਦੇ ਅਧਿਕਾਰੀ ਸੁਮੇਧ ਸਿੰਘ ਸੈਣੀ ਬਠਿੰਡਾ, ਲੁਧਿਆਣਾ, ਫਿਰੋਜ਼ਪੁਰ ਤੇ ਗੁਰਦਾਸਪੁਰ ਦੇ ਐਸ.ਐਸ.ਪੀ ਰਹਿ ਚੁੱਕੇ ਹਨ। ਅੱਤਵਾਦ ਦੇ ਦੌਰ ਸਮੇਂ ਉਨ੍ਹਾਂ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੰਭੀਰ ਦੋਸ਼ ਵੀ ਲੱਗੇ।
ਸਾਲ 2012 ਵਿਚ ਬਾਦਲ ਸਰਕਾਰ ਨੇ ਸੈਣੀ ਨੂੰ ਪੰਜਾਬ ਪੁਲਿਸ ਮੁਖੀ ਥਾਪਿਆ। ਡੀਜੀਪੀ ਦੇ ਅਹੁਦੇ ਤੇ ਵੀ ਵਿਵਾਦਾਂ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ।ਸਾਲ 2015 ਵਿਚ ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਪੁਲਿਸ ਵਲੋਂ ਬਹਿਬਲ ਕਲਾਂ ਪਿੰਡ ’ਚ ਚਲਾਈ ਗੋਲੀਬਾਰੀ ਵਿਚ ਦੋ ਨੌਜਵਾਨ ਮਾਰੇ ਗਏ। ਇਸ ਘਟਨਾ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ।
ਇਸ ਤੋਂ ਇਲਾਵਾ ਉਹਨਾਂ ਉਤੇ ਮੋਟਰ ਕੇਸ ਚੱਲ ਰਿਹਾ ਹੈ। ਇਸ ਕੇਸ ਦੀ ਅਹਿਮ ਗਵਾਹ ਮਾਤਾ ਅਮਰ ਕੌਰ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ। 15 ਮਾਰਚ 1994 ਨੂੰ ਉਨ੍ਹਾਂ ਦੇ ਬੇਟੇ ਵਿਨੋਦ ਕੁਮਾਰ, ਵਿਨੋਦ ਕੁਮਾਰ ਦੇ ਸਾਲੇ ਅਸ਼ੋਕ ਕੁਮਾਰ ਅਤੇ ਡਰਾਈਵਰ ਮੁਖਤਿਆਰ ਸਿੰਘ ਨੂੰ ਅਗਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਕਤ ਤਿੰਨਾਂ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਸੁਮੇਧ ਸਿੰਘ ਸੈਣੀ ‘ਤੇ ਲੱਗਾ ਸੀ ਅਤੇ ਇਸ ਦਾ ਕੇਸ ਦਿੱਲੀ ਦੀ 30 ਹਜ਼ਾਰੀ ਅਦਾਲਤ ‘ਚ ਚੱਲ ਰਿਹਾ ਹੈ। ਉਨ੍ਹਾਂ ਦਾ ਅੱਜ ਤੱਕ ਪਤਾ ਨਾ ਲੱਗ ਸਕਿਆ। ਇਸ ਮਾਮਲੇ ਦੀ ਸੀ. ਬੀ. ਆਈ. ਨੇ ਜਾਂਚ ਕਰਕੇ ਸੁਮੇਧ ਸੈਣੀ ਅਤੇ ਤਿੰਨ ਪੁਲਸ ਅਫਸਰਾਂ ਨੂੰ ਦੋਸ਼ੀ ਬਣਾਉਂਦੇ ਹੋਏ ਚਾਰਜਸ਼ੀਟ ਫਾਈਲ ਕੀਤੀ ਸੀ।