ਚੰਡੀਗੜ, 27 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਖਾਂ ਦੇ ਉੱਘੇ ਸਰਜਨ ਤੇ ਪਦਮ ਸ੍ਰੀ ਅਵਾਰਡ ਪ੍ਰਾਪਤ ਡਾਕਟਰ ਦਲਜੀਤ ਸਿੰਘ (82) ਦੀ ਮੌਤ ’ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਨਾਂ ਨੇ ਅੱਜ ਸਵੇਰੇ ਅੰਮਿ੍ਰਤਸਰ ਵਿਖੇ ਆਪਣਾ ਆਖਰੀ ਸਾਹ ਲਿਆ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਡਾਕਟਰ ਦਲਜੀਤ ਸਿੰਘ ਦੇ ਵਿਲੱਖਣ ਯੋਗਦਾਨ ਨੂੰ ਯਾਦ ਕੀਤਾ ਜੋ ਕਿ ਦੇਸ਼ ਵਿੱਚ ਅੱਖਾਂ ’ਚ ਲੈਂਸ ਲਾਉਣ ਵਾਲੇ ਮੋਹਰੀ ਡਾਕਟਰ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਦਲਜੀਤ ਸਿੰਘ ਅੱਖਾਂ ਦੇ ਇਕ ਉੱਘੇ ਡਾਕਟਰ ਹੋਣ ਤੋਂ ਇਲਾਵਾ ਮਿੱਠ ਬੋਲੜੇ, ਦਿਆਲੂ ਅਤੇ ਲੋਕ ਹਿਤੈਸ਼ੀ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਦਲਜੀਤ ਸਿੰਘ ਦੀ ਮੌਤ ਨਾਲ ਡਾਕਟਰੀ ਖੇਤਰ ਵਿੱਚ ਇਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਿਆ ਜਾਣਾ ਬਹੁਤ ਮੁਸ਼ਕਲ ਹੈ। ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਉਨਾਂ ਨੂੰ ਇਹ ਵੱਡਾ ਨੁਕਸਾਨ ਸਹਿਣ ਕਰਨ ਵਾਸਤੇ ਬਲ ਬੱਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।