ਪੰਜਾਬ ਦੀ ਸਿਆਸਤ ਵਿੱਚ ਨਵਾਂ ਗਠਜੋੜ
ਹਾਥੀ ਬਣਿਆ ਤੱਕੜੀ ਦਾ ਨਵਾਂ ਸਾਥੀ
ਨਵੇਂ ਗਠਜੋੜ ਨੂੰ ਲੈ ਕੇ ਅਕਾਲੀ ਦਲ ਵਿੱਚ ਭਾਰੀ ਉਤਸ਼ਾਹ
ਢੋਲ਼ ਬਜਾਏ ਗਏ ਅਤੇ ਲੱਡੂ ਵੰਡੇ ਗਏ
ਚੰਡੀਗੜ੍ਹ, 12ਜੂਨ(ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋ ਕੇ ਇਕੱਲਾ-ਇਕੱਲਾ ਮਹਿਸੂਸ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਨਵਾਂ ਸਾਥੀ ਮਿਲ ਗਿਆ ਹੈ। ਜਿਸ ਦਾ ਅੱਜ ਰਸਮੀ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਅਤੇ ਬਹੁਜਨ ਸਮਾਜ ਪਾਰਟੀ ਦੇ ਜਨਰਲ ਸੈਕਟਰੀ ਅਤੇ ਰਾਜ ਸਭਾ ਮੈਂਬਰ ਸਤੀਸ਼ ਚੰਦਰ ਮਿਸ਼ਰਾ ਨੇ ਬਸਪਾ ਦੀ ਲੀਡਰਸ਼ਿਪ ਸਮੇਤ ਸਾਂਝੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਕੀਤਾ। ਇਸ ਸਮੇਂ ਬਹੁਜਨ ਸਮਾਜ ਪਾਰਟੀ ਨਾਲੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ।ਅਕਾਲੀ ਦਲ ਦਫਤਰ ਵਿੱਚ ਢੋਲ ਵੱਜਦਾ ਵੇਖਿਆ ਗਿਆ ਅਤੇ ਲੱਡੂਆਂ ਦੇ ਡੱਬੇ ਵੀ ਆਉਂਦੇ ਵੇਖੇ ਗਏ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦਾ ਐਲਾਨ ਕਰਦਿਆਂ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਇਕੱਠੀਆਂ ਲੜਨਗੀਆਂ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀ ਰਾਜਨੀਤੀ ਲਈ ਅੱਜ ਇਤਿਹਾਸਕ ਦਿਨ ਹੈ।























