- ਕੈਬਨਿਟ ਸਬ ਕਮੇਟੀ ਦੇ ਮੁਖੀ ਦੀ ਅਗਵਾਈ ਚ ਵਫਦ ਨੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦਾ ਦੌਰਾ ਕੀਤਾ
- ਸਿੱਧੂ ਨੇ ਤੇਲੰਗਾਨਾ ਦੀ ਪੇਸ਼ਕਾਰੀ ਅਤੇ ਰੇਤੇ ਦੀਆਂ ਖੱਡਾਂ ਦੇ ਦੌਰੇ ਨੂੰ ਦੱਸਿਆ ਲਾਭਕਾਰੀ
- ਪੰਜਾਬ ਦੇ ਵਫਦ ਨੇ ਖਣਨ ਦੀ ਹਰ ਪ੍ਰਕਿਰਿਆ ਨੂੰ ਨਿੱਜੀ ਤੌਰ ਉਤੇ ਦੇਖ ਕੇ ਹਾਸਲ ਕੀਤੀ ਜਾਣਕਾਰੀ
- ਤੇਲੰਗਾਨਾ ਨੇ ਚਾਲੂ ਵਿੱਤੀ ਸਾਲ ਦੌਰਾਨ 11 ਦਿਨਾਂ ਵਿੱਚ ਹੀ ਕਮਾਏ 40.71 ਕਰੋੜ ਰੁਪਏ
- ਤਜਵੀਜ਼ਤ ਨੀਤੀ ਨਾਲ ਪੰਜਾਬ ਵਾਸੀਆ ਨੂੰ ਮਿਲੇਗਾ ਵਾਜਬ ਕੀਮਤਾਂ ਉਤੇ ਰੇਤਾ: ਸਿੱਧੂ
ਹੈਦਰਾਬਾਦ, 12 ਅਪਰੈਲ (ਵਿਸ਼ਵ ਵਾਰਤਾ)- ਪੰਜਾਬ ਵਿੱਚ ਖਣਨ ਦੀ ਅਥਾਹ ਸਮਰੱਥਾ ਨੂੰ ਦੇਖਦਿਆਂ ਸੂਬੇ ਵਿੱਚ ਵਿਆਪਕ ਤੇ ਅਸਰਦਾਰ ਖਣਨ ਨੀਤੀ ਨੂੰ ਲਾਗੂ ਕਰਨ ਨਾਲ ਇਹ ਖੇਤਰ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇ ਸਕਦਾ ਹੈ ਅਤੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਵਾਜਬ ਕੀਮਤਾਂ ਉਤੇ ਰੇਤਾ ਮਿਲ ਸਕਦਾ ਹੈ। ਇਹ ਗੱਲ ਖਣਨ ਬਾਰੇ ਬਣੀ ਕੈਬਨਿਟ ਸਬ ਕਮੇਟੀ ਦੇ ਮੁਖੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੇ ਵਫਦ ਸਮੇਤ ਹੈਦਰਾਬਾਦ ਦੇ ਦੌਰੇ ਦੌਰਾਨ ਤੇਲੰਗਾਨਾ ਦੇ ਅਧਿਕਾਰੀਆਂ ਵੱਲੋਂ ਦੱਸੇ ਸਫਲ ਖਣਨ ਮਾਡਲ ਨੂੰ ਦੇਖਣ ਅਤੇ ਖਣਨ ਦੀਆ ਖੱਡਾਂ ਨੂੰ ਵੇਖਣ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ।ਸ. ਸਿੱਧੂ ਨੇ ਕਿਹਾ ਕਿ ਤੇਲੰਗਾਨਾ ਦੇ ਮਾਡਲ ਨੂੰ ਦੇਖਦਿਆਂ ਅਤੇ ਤੇਲੰਗਾਨਾ ਮੁਕਾਬਲੇ ਪੰਜਾਬ ਵਿੱਚ ਦਰਿਆਵਾਂ ਦੀ ਵੱਧ ਗਿਣਤੀ ਨੂੰ ਦੇਖਦਿਆਂ ਸੂਬੇ ਦੀ ਵੱਧ ਸਮਰੱਥਾ ਕਾਰਨ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਪੰਜਾਬ ਦੀ ਕਮਜ਼ੋਰੀ ਬਣੀ ਖਣਨ ਸਭ ਤੋਂ ਮਜ਼ਬੂਤ ਪਹਿਲੂ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਸੂਬੇ ਨੇ ਆਪਣੀ ਕਾਬਲੀਅਤ, ਮੁਸਤੈਦੀ ਅਤੇ ਅਸਰਦਾਰ ਨੀਤੀ ਨਾਲ ਰੇਤੇ ਦੀਆਂ ਖੱਡਾਂ ਨੂੰ ਸੋਨੇ ਦੀਆਂ ਖੱਡਾਂ ਬਣਾ ਲਿਆ ਹੈ।ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਪੰਜਾਬ ਦੀ ਤਜਵੀਜ਼ਤ ਖਣਨ ਨੀਤੀ ਨੂੰ ਬਹੁਤ ਫ਼ਾਇਦਾ ਹੋਵੇਗਾ ਅਤੇ ਇਸ ਦੌਰੇ ਨਾਲ ਉਨ੍ਹਾਂ ਦੀਆਂ ਉਮੀਦਾਂ ਨੂੰ ਵੱਡਾ ਹੁਲਾਰਾ ਮਿਲਿਆ ਅਤੇ ਸਬ ਕਮੇਟੀ ਦੀਆਂ ਮੀਟਿੰਗਾਂ ਵਿੱਚ ਵਿਚਾਰਾਂ ਕਰਦਿਆਂ ਪੈਦਾ ਹੋਏ ਸਾਰੇ ਸ਼ੰਕਿਆਂ ਦੀ ਵੀ ਨਵਿਰਤੀ ਹੋਈ ਹੈ।
ਤੇਲੰਗਾਨਾ ਦੇ ਖਣਨ ਵਿਭਾਗ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਸੂਬੇ ਵਿੱਚ ਸਫਲ ਚੱਲ ਰਹੇ ਖਣਨਦੇ ਮਾਡਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਖਣਨ ਨੀਤੀ ਨੂੰ ਲਾਗੂ ਕਰਨ ਦੇ ਢੰਗ ਤਰੀਕਿਆਂ ਅਤੇ ਇਸ ਦੇ ਸਾਰੇ ਪਹਿਲੂਆਂ ਤੋਂ ਜਾਣੂੰ ਕਰਵਾਇਆ। ਸ. ਸਿੱਧੂ ਨੇ ਇਸ ਮੀਟਿੰਗ ਵਿੱਚ ਦਿੱਤੀ ਪੇਸ਼ਕਾਰੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਤੇਲੰਗਾਨਾ ਵੱਲੋਂ ਬਣਾਈ ਖਣਨ ਨੀਤੀ ਕਿੰਨੀ ਅਸਰਦਾਰ ਤੇ ਸਫਲ ਹੈ, ਇਸ ਦਾ ਅੰਦਾਜ਼ਾ ਇਸ ਗੱਲ ਲਾਇਆ ਜਾ ਸਕਦਾ ਹੈ ਕਿ ਤੇਲੰਗਨਾ ਨੇ ਵਿੱਤੀ ਵਰ੍ਹੇ 2018-19 ਦੇ ਪਹਿਲੇ 11 ਦਿਨਾਂ ਵਿੱਚ ਹੀ ਖਣਨ ਤੋਂ 40.71 ਕਰੋੜ ਕਮਾ ਲਏ ਜਦੋਂ ਕਿ ਪੰਜਾਬ ਵਿੱਚ ਪਿਛਲੀ ਸਰਕਾਰ ਦੌਰਾਨ ਇਕ ਸਾਲ ਵਿੱਚ 40 ਕਰੋੜ ਰੁਪਏ ਕਮਾਉਂਦਾ ਸੀ ਜਦੋਂ ਕਿ ਪੰਜਾਬ ਵਿੱਚ ਦਰਿਆਵਾਂ ਦੀ ਵੱਧ ਗਿਣਤੀ ਨੂੰ ਦੇਖਦਿਆਂ ਖਣਨ ਦੀ ਵੱਧ ਸਮਰੱਥਾ ਹੈ। ਇਸ ਤੋਂ ਇਲਾਵਾ ਤੇਲੰਗਾਨਾ ਵਿੱਚ ਰੇਤੇ ਦੀਆਂ ਕੀਮਤਾਂ ਬਹੁਤ ਕੰਟਰੋਲ ਵਿੱਚ ਹਨ। ਉਨ੍ਹਾਂ ਦੱਸਿਆ ਕਿ ਤੇਲੰਗਾਨਾ 2014-15 ਵਿੱਚ ਖਣਨ ਰਾਹੀਂ ਸੂਬਾ ਸਰਕਾਰ 10.5 ਕਰੋੜ ਰੁਪਏ ਕਮਾਉਂਦਾ ਸੀ ਅਤੇ ਉਸ ਸਮੇਂ ਸਰਕਾਰ ਵੱਲੋਂ ਬਣਾਈ ਕਾਰਗਾਰ ਨੀਤੀ ਸਦਕਾ ਇਹ ਕਮਾਈ 2015-16 ਵਿੱਚ ਵੱਧ ਕੇ 368.33 ਕਰੋੜ ਰੁਪਏ, 2016-17 ਵਿੱਚ 456.45 ਕਰੋੜ ਰੁਪਏ ਅਤੇ 2017-18 ਵਿੱਚ 678.35 ਕਰੋੜ ਰੁਪਏ ਤੱਕ ਪਹੁੰਚ ਗਈ।
ਸ. ਸਿੱਧੂ ਦੀ ਅਗਵਾਈ ਹੇਠ ਕਮੇਟੀ ਦੇ ਅਧਿਕਾਰੀ ਜੋ ਤਿੰਨ ਰੋਜ਼ਾ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਦੌਰੇ ਉਤੇ ਹਨ, ਨੇ ਦੋਵਾਂ ਸੂਬਿਆਂ ਦੀਆਂ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ।ਪੰਜਾਬ ਸਰਕਾਰ ਵੱਲੋਂ ਆਏ ਵਫ਼ਦ ਵਿੱਚ ਸ. ਸਿੱਧੂ ਦੇ ਨਾਲ ਪ੍ਰਮੱੁਖ ਸਕੱਤਰ ਖਣਨ ਸ੍ਰੀ ਜਸਪਾਲ ਸਿੰਘ, ਸਕੱਤਰ ਕਮ ਡਾਇਰੈਕਟਰ ਖਣਨ ਸ੍ਰੀ ਕੁਮਾਰ ਰਾਹੁਲ, ਚੀਫ ਇੰਜਨੀਅਰ ਸ੍ਰੀ ਵਿਨੋਦ ਚੌਧਰੀ ਤੇ ਮੰਤਰੀ ਦੇ ਸਲਾਹਕਾਰ ਸ੍ਰੀ ਅੰਗਦ ਸਿੰਘ ਸੋਹੀ ਸ਼ਾਮਲ ਹਨ। ਪੰਜਾਬ ਤੋਂ ਆਏ ਵਫ਼ਦ ਨੇ ਹੈਦਰਾਬਾਦ ਵਿਖੇ ਬੀਤੀ ਦੇ ਸ਼ਾਮ ਪਹਿਲੀ ਮੈਰਾਥਨ ਮੀਟਿੰਗ ਤੇਲੰਗਾਨਾ ਦੇ ਪ੍ਰਮੁੱਖ ਸਕੱਤਰ ਖਣਨ, ਉਦਯੋਗ ਤੇ ਕਾਮਰਸ ਸ੍ਰੀ ਜੈਅਸ਼ ਰੰਜਨ, ਤੇਲੰਗਾਨਾ ਰਾਜ ਖਣਨ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਸੇਰੀ ਸੁਭਾਸ਼ ਰੈਡੀ ਤੇ ਵਾਈਸ ਚੇਅਰਮੈਨ ਕਮ ਪ੍ਰਬੰਧਕੀ ਨਿਰਦੇਸ਼ਕ ਡਾ ਜੀ ਮਾਲਸੁਰ ਤੇ ਡਾਇਰੈਕਟਰ ਖਣਨ ਸ੍ਰੀ ਬੀ ਆਰ ਵੀ ਸੁਸ਼ੀਲ ਕੁਮਾਰ ਨਾਲ ਕੀਤੀ।ਦੂਜੀ ਮੀਟਿੰਗ ਵਿੱਚ ਪੰਜਾਬ ਦੇ ਵਫਦ ਨੇ ਆਂਧਰਾ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਖਣਨ ਦੇ ਜੁਆਇੰਟ ਡਾਇਰੈਕਟਰ ਸ੍ਰੀ ਵੀ ਬੀ ਚੰਦਰਸ਼ੇਖਰਾ ਤੇ ਕੰਸਲਟੈਂਟ ਸ੍ਰੀ ਮਨੋਜ ਗੁਰਾਮਕੰੁਡਾ ਨੇ ਪੇਸ਼ਕਾਰੀ ਦਿੱਤੀ।
ਮੀਟਿੰਗਾਂ ਤੋਂ ਬਾਅਦ ਪੰਜਾਬ ਤੋਂ ਆਏ ਵਫਦ ਦਾ ਅੱਜ ਸਵੇਰੇ ਖਣਨ ਵਾਲੀਆਂ ਥਾਵਾਂ ਦਾ ਦੌਰਾ ਵੀ ਕਰਵਾਇਆ ਗਿਆ। ਤੇਲੰਗਾਨਾ ਰਾਜ ਖਣਨ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕਮ ਪ੍ਰਬੰਧਕੀ ਨਿਰਦੇਸ਼ਕ ਡਾ ਜੀ ਮਾਲਸੁਰ ਅਤੇ ਜਨਰਲ ਮੈਨੇਜਰ ਸ੍ਰੀ ਰਾਜ ਸ਼ੇਅਰ ਰੈਡੀ ਪੰਜਾਬ ਦੇ ਵਫਦ ਦੇ ਨਾਲ ਗੲੇ ਿਜਨ੍ਹਾਂ ਹੈਦਰਾਬਾਦ ਤੋਂ 200 ਕਿੱਲੋਮੀਟਰ ਦੂਰ ਜੈਆਸ਼ੰਕਰ ਭੂਪਲਪੱਲੀ ਜ਼ਿਲੇ ਦੇ ਪਿੰਡ ਪੁਸਕੂਪੱਲੀ ਵਿੱਚ ਗੋਦਾਵਰੀ ਦਰਿਆ ਵਿਖੇ ਚੱਲ ਰਹੀ ਰੇਤੇ ਦੀ ਖੱਡ ਦੇ ਕੰਮ ਨੂੰ ਦਿਖਾਿੲਅਾ। ਇਸ ਤੋਂ ਇਲਾਵਾ ਵਫਦ ਨੇ ਰੇਤੇ ਦੀ ਢੋਆ ਢੁਆਈ, ਅਣ ਅਧਿਕਾਰਤ ਖਣਨ ਨੂੰ ਰੋਕਣ ਲਈ ਕੀਤੀ ਨਾਕੇਬੰਦੀ, ਰਜਿਸਟਰਡ ਵਾਹਨਾਂ ਦੀ ਚੈਕਿੰਗ ਵਿਵਸਥਾ, ਰੇਤੇ ਵਾਲੇ ਵਾਹਨ ਦੇ ਭਾਰ ਨੂੰ ਤੋਲਣ ਲਈ ਸਥਾਪਤ ਕੀਤੇ ਅਧਿਕਾਰਤ ਭਾਰਤੋਲਕ ਸਥਾਨਾਂ ਨੂੰ ਵੀ ਵੇਖਿਆ।ਦਰਿਆ ਕੰਢੇ ਖਣਨ ਤੋਂ ਨਿਕਲਦੇ ਰੇਤੇ ਨੂੰ ਭੰਡਾਰਨ ਵਾਲੀ ਥਾਂ ਅਤੇ ਉਸ ਤੋਂ ਬਾਅਦ ਕਮਰਸ਼ੀਅਲ ਵਾਹਨਾਂ ਰਾਹੀਂ ਉਪਭੋਗਤਾ ਤੱਕ ਲਿਜਾਣ ਦੀ ਪ੍ਰਕਿਰਿਆ ਪ੍ਰਕੈਟੀਕਲ ਤੌਰ ਉਤੇ ਦੇਖੀ। ਭੰਡਾਰਨ ਵਾਲੀ ਥਾਂ ਤੋਂ ਕੰਪਿਊਟਰੀਜਡ ਸਿਸਟਮ ਰਾਹੀਂ ਜਾਰੀ ਕੀਤੀ ਪਰਚੀ ਅਤੇ ਉਸ ਉੱਪਰ ਕੀਤੀ ਜਾਂਦੀ ਕੋਡਿੰਗ ਪ੍ਰਣਾਲੀ ਨੂੰ ਵੇਖਿਆ। ਸ. ਸਿੱਧੂ ਸਾਰੇ ਸਿਸਟਮ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਤੇਲੰਗਾਨਾ ਅਧਿਕਾਰੀਆਂ ਵੱਲੋਂ ਦੱਸਿਆ ਗਿਅਾ ਕਿ ਸਾਰੀ ਪ੍ਰਣਾਲੀ ਸਦਕਾ ਖਣਨ ਰਾਹੀ ਸੂਬਾ ਸਰਕਾਰ ਨੇ ਅਾਮਦਨ ਵਧਾੲੀ ਹੈ।ਉਨ੍ਹਾਂ ਤੇਲੰਗਾਬਾ ਤੇ ਆਂਧਰਾ ਪ੍ਰਦੇਸ਼ ਸਰਕਾਰਾਂ ਅਤੇ ਸਬੰਧਤ ਅਧਿਕਾਰੀਆਂ ਦਾ ਉਚੇਚਾ ਧੰਨਵਾਦ ਕੀਤਾ ਜਿਨ੍ਹਾਂ ਪੰਜਾਬ ਦੇ ਵਫਦ ਨੂੰ ਅਧਿਐਨ ਕਰਨ ਵਿੱਚ ਬਹੁਤ ਸਹਾਇਤਾ ਕੀਤੀ ਅਤੇ ਤੇਲੰਗਾਨਾ ਰਾਜ ਖਣਨ ਵਿਕਾਸ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਰੇਤੇ ਦੀਆਂ ਖੱਡਾਂ ਦਾ ਦੌਰਾ ਕਰਵਾ ਕੇ ਵਫਦ ਨੂੰ ਪ੍ਰਕੈਟੀਕਲ ਤੌਰ ਉਤੇ ਜ਼ਮੀਨੀ ਹਕੀਕਤਾਂ ਤੋਂ ਜਾਣੰੂ ਕਰਵਾਇਆ।