– 68 ਫ਼ਲ ਅਤੇ ਸਬਜ਼ੀ ਮੰਡੀਆਂ ‘ਚ ਕੀਤੀ ਗਈ ਅਚਨਚੇਤ ਛਾਪੇਮਾਰੀ
– ਡਿਫ਼ਾਲਟਰਾਂ ਦੀ ਗਿਣਤੀ ਵਿੱਚ ਆਈ ਅਸਰਦਾਰ ਗਿਰਾਵਟ
ਚੰਡੀਗੜ, 10 ਜੁਲਾਈ (ਵਿਸ਼ਵ ਵਾਰਤਾ) : 15 ਦਿਨਾਂ ਬਾਅਦ ਇੱਕ ਵਾਰ ਫਿਰ ਪੰਜਾਬ ਮੰਡੀ ਅਫ਼ਸਰਾਂ ਦੀਆਂ ਟੀਮਾਂ ਵੱਲੋਂ 68 ਫਲ ਅਤੇ ਸਬਜ਼ੀ ਮੰਡੀਆਂ ਵਿੱਚ ਸਵੇਰ ਸਾਰ ਅਚਨਚੇਤ ਛਾਪੇਮਾਰੀ ਕੀਤੀ ਗਈ। ਵੱਧ ਪੱਕੇ ਫਲਾਂ ਅਤੇ ਗਲੀਆਂ ਸੜੀਆਂ ਸਬਜ਼ੀਆਂ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ ਅਤੇ ਦੋਸ਼ੀ ਵਪਾਰੀਆਂ/ਫਰਮਾਂ ਨੂੰ ਸਬੰਧਤ ਦੋਸ਼ ਦੇ ਤਹਿਤ 1000 ਤੋਂ 10,000 ਰੁਪਏ ਤੱਕ ਦੇ ਜੁਰਮਾਨੇ ਵੀ ਕੀਤੇ ਗਏ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ੍ਰੀ ਕੇ.ਐਸ. ਪੰਨੂ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਨੂੰ ਪੰਜਾਬ ਮੰਡੀ ਬੋਰਡ ਦੇ ਜਨਰਲ ਮੈਨੇਜਰ ਦੀ ਅਗਵਾਈ ਵਾਲੀ ਟੀਮ ਸਮੇਤ ਅਫ਼ਸਰਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸੂਬੇ ਭਰ ਦੀਆਂ ਸਬਜ਼ੀ ਤੇ ਫਲ ਮੰਡੀਆਂ ਦਾ ਨਿਰੀਖਣ ਕੀਤਾ ਗਿਆ। ਇੱਥੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਗੈਰ ਕੁਦਰਤੀ ਤਰੀਕੇ ਨਾਲ ਪਕਾਇਆ ਗਿਆ ਕੋਈ ਵੀ ਫਲ ਮੌਕੇ ‘ਤੇ ਨਹੀਂ ਪਾਇਆ ਗਿਆ ਜਦ ਕਿ ਵੱਧ ਪੱਕੇ ਜਾਂ ਉੱਲੀ ਲੱਗੇ ਫਲ ਜ਼ਰੂਰ ਵੇਖੇ ਗਏ। ਇਸ ਦੌਰਾਨ ਸਿਹਤ ਲਈ ਹਾਨੀਕਾਰਕ 67.7 ਕੁਇੰਟਲ ਫਲ ਅਤੇ ਸਬਜ਼ੀਆਂ ਨੂੰ ਨਸ਼ਟ ਕੀਤਾ ਗਿਆ।
ਸ੍ਰੀ ਪੰਨੂ ਨੇ ਕਿਹਾ ਕਿ ਇਹ ਬੜੀ ਸ਼ਲਾਘਾਯੋਗ ਗੱਲ ਹੈ ਕਿ ਇੱਕ ਮਹੀਨੇ ਤੋਂ ਚਲ ਰਹੀ ਇਸ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਚੁੱਕਾ ਹੈ ਕਿਉਂ ਜੋ ਮੰਡੀਆਂ ਵਿੱਚ ਗੈਰ ਕੁਦਰਤੀ ਤਰੀਕੇ ਨਾਲ ਫਲਾਂ ਨੂੰ ਪਕਾਏ ਜਾਣ ਦੀ ਰੀਤ ਹੁਣ ਘਟ ਗਈ ਹੈ। ਇਹ ਸਾਰੀ ਮੁਹਿੰਮ ਸਬਜ਼ੀ ਤੇ ਫਲ ਮੰਡੀਆਂ ਵਿੱਚ ਅਚਨਚੇਤ ਛਾਪੇਮਾਰੀ ਨਾਲ ਸ਼ੁਰੂ ਕੀਤੀ ਗਈ ਤਾਂ ਜੋ ਫਲ ਤੇ ਸਬਜ਼ੀ ਵਪਾਰੀਆਂ ਨੂੰ ਕੰਨ ਕੀਤੇ ਜਾ ਸਕਣ ਅਤੇ ਉਨਾਂ ਨੂੰ ਚੰਗੀ ਗੁਣਵੱਤਾ ਦੇ ਫਲ ਸਬਜ਼ੀਆਂ ਨੂੰ ਵੇਚਣ ਸਬੰਧੀ ਜਾਗਰੂਕ ਕੀਤਾ ਜਾ ਸਕੇ। ਮੰਗਵਾਰ ਸਵੇਰ ਵੇਲੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਇਸ ਛਾਪੇਮਾਰੀ ਦਾ ਮੁੱਖ ਉਦੇਸ਼ ਪਿਛਲੇ 5 ਹਫ਼ਤਿਆਂ ਵਿੱਚ ਕੀਤੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣਾ ਸੀ। ਸ੍ਰੀ ਪੰਨੂ ਨੇ ਕਿਹਾ, ” ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੀਆਂ ਫਲ ਮੰਡੀਆਂ ਹੁਣ ਕੈਲਸ਼ੀਅਮ ਕਾਰਬਾਈਡ ਮੁਕਤ ਹੋਣ ਦੀ ਰਾਹ ‘ਤੇ ਹਨ। ”
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਆਪਣੇ ਆਪ ਵਿੱਚ ਇਸ ਪਹਿਲੀ ਤੇ ਨਿਵੇਕਲੀ ਮੁਹਿੰਮ ਦੌਰਾਨ 26 ਜੂਨ ਨੂੰ ਸਮੁੱਚੇ ਸੂਬੇ ਦੀਆਂ ਸਬਜ਼ੀ ਮੰਡੀਆਂ ਵਿੱਚ ਕਰੀਬ 200 ਅਧਿਕਾਰੀਆਂ ਦੀਆਂ 35 ਟੀਮਾਂ ਵੱਲੋਂ ਇੱਕੋ ਸਮੇਂ ਸੂਬੇ ਦੀਆਂ 35 ਮੁੱਖ ਮੰਡੀਆਂ ਵਿੱਚ ਅਚਨਚੇਤ ਛਾਪੇਮਾਰੀ ਕਰਕੇ ਹਜ਼ਾਰਾਂ ਟਨ ਫਲ ਤੇ ਸਬਜ਼ੀਆਂ ਦੀ ਗੁਣਵੱਤਾ ਸਬੰਧੀ ਜਾਂਚ ਕੀਤੀ ਗਈ।
ਪੰਜਾਬ ਮੰਡੀ ਬੋਰਡ ਦੇ ਅਫ਼ਸਰਾਂ ਅਤੇ ਪੋਸਟ ਹਾਰਵੈਸਟ ਤਕਨਾਲੌਜੀ ਕੇਂਦਰ ਦੇ ਮਾਹਿਰਾਂ ਵੱਲੋਂ ਮੰਡੀ ਪੱਧਰ ‘ਤੇ ਕੁਦਰਤੀ ਤਰੀਕੇ ਨਾਲ ਫਲਾਂ ਨੂੰ ਪਕਾਉਣ ਦੀ ਸਿਖਲਾਈ ਦੇਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਦੀਆਂ 13 ਮੰਡੀਆਂ ਵਿੱਚ 10 ਟਨ ਸਮਰੱਥਾ ਦੇ 56 ਫਲ ਪਕਾਉਣ ਵਾਲੇ ਚੈਂਬਰ ਵੀ ਸਥਾਪਿਤ ਕੀਤੇ ਗਏ ਹਨ ਜੋ ਕਿ ਸਫ਼ਲਤਾਪੂਰਵਕ ਚੱਲ ਰਹੇ ਹਨ। ਇਨਾਂ ਫਲ ਪਕਾਉਣ ਵਾਲੇ ਚੈਂਬਰਾਂ ਦੀ ਸਫ਼ਲਤਾ ਨੂੰ ਦੇਖਦੇ ਹੋਏ ਨਿੱਜੀ ਖੇਤਰ ਦੇ ਕਈ ਵੱਡੇ ਕਾਰੋਬਾਰੀ ਵੀ ਇਨਾਂ ਵਿੱਚ ਦਿਲਚਸਪੀ ਵਿਖਾ ਰਹੇ ਹਨ।