ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ
ਚੰਡੀਗੜ੍ਹ ‘ਚ ਛਾਈ ਸੰਘਣੀ ਧੁੰਦ, ਹਿਮਾਚਲ ‘ਚ ਬਰਫ਼ਬਾਰੀ ਦੀ ਸੰਭਾਵਨਾ
ਚੰਡੀਗੜ੍ਹ,31ਜਨਵਰੀ(ਵਿਸ਼ਵ ਵਾਰਤਾ)ਪੰਜਾਬ ‘ਚ ਬੁੱਧਵਾਰ ਨੂੰ ਦਿਨ ਦੀ ਸ਼ੁਰੂਆਤ ਮੀਂਹ ਨਾਲ ਹੋਈ ਹੈ। ਪੰਜਾਬ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਫਰੀਦਕੋਟ, ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਇੱਥੋਂ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਮਲੇਰਕੋਟਲਾ, ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ। ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਸਵੇਰੇ ਧੁੰਦ ਛਾਈ ਹੋਈ ਹੈ। ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਬੱਦਲ ਛਾਏ ਰਹਿਣਗੇ। ਸ਼ੀਤ ਲਹਿਰ 40 ਕਿਲੋਮੀਟਰ ਦੀ ਰਫਤਾਰ ਨਾਲ ਚੱਲੇਗੀ। ਇਸ ਦੇ ਨਾਲ ਹੀ ਹਰਿਆਣਾ ‘ਚ ਸੰਘਣੀ ਧੁੰਦ ਛਾਈ ਹੋਈ ਹੈ। ਮੰਗਲਵਾਰ ਰਾਤ ਨੂੰ ਹੀ ਧੁੰਦ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ, ਜਿਸ ਦਾ ਅਸਰ ਸਵੇਰ ਤੱਕ ਦੇਖਣ ਨੂੰ ਮਿਲਿਆ। ਸੋਨੀਪਤ, ਪਾਣੀਪਤ, ਕਰਨਾਲ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਵਿਜ਼ੀਬਿਲਟੀ ਨਾਂਹ ਦੇ ਬਰਾਬਰ ਹੈ। ਜੀਂਦ ਦੇ ਹਿਸਾਰ, ਸਿਰਸਾ ਅਤੇ ਨਰਵਾਣਾ ਇਲਾਕੇ ਵਿੱਚ ਸਵੇਰੇ ਮੀਂਹ ਪਿਆ। 6 ਜ਼ਿਲ੍ਹਿਆਂ ਵਿੱਚ ਮੀਂਹ ਦਾ ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ ਅਤੇ ਕਰਨਾਲ ਸ਼ਾਮਲ ਹਨ। ਦੂਜੇ ਪਾਸੇ ਹਿਮਾਚਲ ਦੇ 7 ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸ਼ਿਮਲਾ, ਲਾਹੌਲ-ਸਪੀਤੀ, ਕਿਨੌਰ, ਚੰਬਾ, ਕਾਂਗੜਾ, ਕੁੱਲੂ ਅਤੇ ਮੰਡੀ ਸ਼ਾਮਲ ਹਨ। ਅਗਲੇ ਤਿੰਨ-ਚਾਰ ਦਿਨਾਂ ਵਿੱਚ ਬਿਲਾਸਪੁਰ, ਹਮੀਰਪੁਰ, ਊਨਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ ਵਿੱਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।