ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ
ਮੀਂਹ ਕਾਰਨ ਡਿੱਗਿਆ ਪਾਰਾ, ਆਉਣ ਵਾਲੇ ਦਿਨਾਂ ‘ਚ ਵਧੇਗੀ ਠੰਢ
ਚੰਡੀਗੜ੍ਹ,30ਨਵੰਬਰ(ਵਿਸ਼ਵ ਵਾਰਤਾ) ਪੰਜਾਬ ਵਿੱਚ ਅੱਜ ਮੌਸਮ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੱਛਮੀ ਮਾਲਵੇ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 11 ਜ਼ਿਲ੍ਹੇ ਅਜਿਹੇ ਹਨ ਜਿੱਥੇ ਮੀਂਹ ਦਾ ਅਲਰਟ ਦਿੱਤਾ ਗਿਆ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੀਂਹ ਦੇ ਕਾਰਨ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ। ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਅਨੁਸਾਰ ਅਗਲੇ ਕੁਝ ਘੰਟਿਆਂ ਤੱਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਹਾਲੀ, ਲੁਧਿਆਣਾ, ਫਗਵਾੜਾ, ਕਪੂਰਥਲਾ, ਜਲੰਧਰ ਅਤੇ ਰੋਪੜ ਵਿੱਚ ਰੁਕ-ਰੁਕ ਕੇ ਮੀਂਹ ਜਾਰੀ ਰਹੇਗਾ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇੰਨਾ ਹੀ ਨਹੀਂ ਇੱਥੇ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਮੀਂਹ ਕਾਰਨ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਤਾਪਮਾਨ ‘ਚ ਗਿਰਾਵਟ ਆਵੇਗੀ ਅਤੇ ਠੰਡ ਵਧੇਗੀ। ਇਸ ਮੀਂਹ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਉਮੀਦ ਹੈ ਪਰ ਇਸ ਤੋਂ ਬਾਅਦ ਦਿਨ ਦਾ ਘੱਟੋ-ਘੱਟ ਤਾਪਮਾਨ ਡਿੱਗ ਜਾਵੇਗਾ, ਜਿਸ ਕਾਰਨ ਰਾਤਾਂ ਠੰਢੀਆਂ ਹੋਣ ਲੱਗ ਜਾਣਗੀਆਂ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2 ਡਿਗਰੀ ਦੀ ਗਿਰਾਵਟ ਆਵੇਗੀ, ਜੋ ਫਿਲਹਾਲ ਆਮ ਤੌਰ ‘ਤੇ 10 ਡਿਗਰੀ ਦੇ ਆਸ-ਪਾਸ ਦਰਜ ਕੀਤੀ ਗਈ ਹੈ।