
ਜੈਤੋ,4 ਸਤੰਬਰ (ਰਘੂਨੰਦਨ ਪਰਾਸ਼ਰ ):ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ 5 ਸਤੰਬਰ ਨੂੰ ਵੱਖ ਵੱਖ ਥਾਵਾਂ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਝੀਂਗਾ ਫਾਰਮਰ ਨਾਲ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਕੀਤੇ ਧੱਕੇ ਦੇ ਖਿਲਾਫ ਝੀਂਗਾ ਮੱਛੀ ਪਾਲਕਾਂ ਨੂੰ ਇਨਸਾਫ਼ ਦਿਵਾਉਣ ਲਈ, ਬਠਿੰਡਾ ਦੇ ਰਾਮਪੁਰਾ ਫੂਲ ਵਿਖੇ ਪਿੱਛਲੇ ਸਮੇਂ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਘਪਲੇਬਾਜ਼ੀ ਕਰਦੇ ਹੋਏ ਬਠਿੰਡਾ ਮਾਨਸਾ ਬਰਨਾਲਾ ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਵਿਚ ਪਾਵਰਕਾਮ ਦੇ ਜੇ.ਈ. ਆਂ ਅਤੇ ਉਹਨਾਂ ਦੇ ਦਲਾਲਾਂ ਵੱਲੋਂ ਕਿਸਾਨਾਂ ਨਾਲ ਮੋਟਰ ਕੁਨੈਕਸ਼ਨ ਮੁੱਲ ਲੈ ਕੇ ਦੇਣ ਦੇ ਨਾਂ ‘ਤੇ ਕੀਤੀਆਂ ਘਪਲੇਬਾਜ਼ੀਆਂ ਹਨ। ਉਹਨਾਂ ਦੋਸ਼ੀ ਅਧਿਕਾਰੀਆਂ ਉੱਤੇ ਕਾਰਵਾਈ ਕਰਵਾਉਣ ਲਈ ਅਤੇ ਕਿਸਾਨਾਂ ਦੀਆਂ ਮੋਟਰਾਂ ਉਹਨਾਂ ਦੇ ਨਾਮ ਕਰਵਾਉਣ ਲਈ ਅਤੇ ਮੋਗਾ ਵਿਖੇ ਸਾਡੀ ਧੀ ਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਅਤੇ ਉਸ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਰੋਡ ਜਾਮ ਕੀਤੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਸਾਡੀਆਂ ਧੀਆਂ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ ਅਤੇ ਘਰਾਂ ਵਿੱਚ ਵੜ ਕੇ ਸਾਡੀਆ ਧੀਆਂ ਦੀ ਇੱਜ਼ਤ ਨੂੰ ਹੱਥ ਪਾਇਆ ਜਾ ਰਿਹਾ ਹੈ ਅਤੇ ਇਨਸਾਫ ਲੈਣ ਲਈ ਤੇ ਗੁੰਡਾ ਅਨਸਰਾਂ ਖਿਲਾਫ ਕਾਰਵਾਈ ਕਰਵਾਉਣ ਲਈ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨੂੰ ਪੁਲਸ ਪ੍ਰਸ਼ਾਸਨ ਦੀ ਨਾਕਾਮੀ ਹੀ ਕਿਹਾ ਜਾ ਸਕਦਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਘਰਾਂ ਵਿਚ ਵੜ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ ਅਤੇ ਘਰ ਦੇ ਬਾਹਰ ਖੜੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਗੁੰਡਿਆਂ ਵੱਲੋ ਬਾਹਾਂ ਫੜੀਆਂ ਜਾ ਰਹੀਆ ਹਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਗੁੰਡਾਗਰਦੀ ਕਰਨ ਵਾਲੇ ਲੋਕਾਂ ਦਾ ਹੀ ਸਾਥ ਦਿੱਤਾ ਜਾ ਰਿਹਾ ਹੈ ਅਤੇ ਘਰ ਵਿੱਚ ਵੜ ਕੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਉੱਤੇ ਆਈ.ਪੀ.ਸੀ ਦੀ ਧਾਰਾ 350, ਆਈ.ਪੀ.ਸੀ ਦੀ ਧਾਰਾ 354, ਆਈ.ਪੀ.ਸੀ ਦੀ ਧਾਰਾ 354 (A), ਆਈ.ਪੀ.ਸੀ ਦੀ ਧਾਰਾ 354(B), ਆਈ.ਪੀ.ਸੀ ਦੀ ਧਾਰਾ 441, ਆਈ.ਪੀ.ਸੀ ਦੀ ਧਾਰਾ 452 ਦਾ ਮੁਕੱਦਮਾ ਦਰਜ ਕਰਨ ਦੀ ਬਜਾਏ ਉਹਨਾਂ ਗੁੰਡਾ ਅਨਸਰਾਂ ਉੱਪਰ ਸਿਰਫ਼ ਧਾਰਾ 451 ਦਾ ਹੀ ਮੁਕੱਦਮਾ ਦਰਜ ਕਰਕੇ ਉਸ ਕੇਸ ਨੂੰ ਕਮਜ਼ੋਰ ਕਰਕੇ ਗੁੰਡਾਗਰਦੀ ਕਰਨ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਵਿਰੁੱਧ ਮੁਕੱਦਮਾ ਦਰਜ ਕਰਕੇ ਸਾਡੀ ਪੀੜਤ ਧੀ ਦੇ ਪਰਿਵਾਰਿਕ ਮੈਂਬਰਾਂ ਨੂੰ ਹੀ ਪੁਲਿਸ ਵੱਲੋਂ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਪੀੜਤ ਪਰਿਵਾਰ ਦੇ ਕੇਸ ਨੂੰ ਕਮਜ਼ੋਰ ਕਰਕੇ ਉਹਨਾਂ ਉੱਪਰ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਸਕੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਸ੍ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਅਤੇ ਬੇਕਸੂਰ ਪਰਮਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੋਗਾ ਨੂੰ ਛੁਡਾਉਣ ਲਈ ਅਤੇ ਦੋਸ਼ੀਆਂ ਉਪਰ ਕਾਰਵਾਈ ਕਰਵਾਉਣ ਲਈ ਪਹਿਲਾਂ ਹੀ ਮੋਗਾ ਦੇ ਸਿੱਟੀ 1 ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਜੋ ਬੇਦੋਸ਼ੇ ਕਿਸਾਨ ਉੱਪਰ ਦਰਜ ਮੁਕੱਦਮੇ ਨੂੰ ਰੱਦ ਕਰਵਾਇਆਂ ਜਾ ਸਕੇ ਅਤੇ ਦੋਸ਼ੀ ਬਲਕਰਨ ਸਿੰਘ ਪੁੱਤਰ ਜਸਦੇਵ ਸਿੰਘ ਉੱਪਰ ਕਾਰਵਾਈ ਕਰਵਾਈ ਜਾ ਸਕੇ। ਅੱਗੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ,ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਪੁਲਸ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਿਆ ਹੈ।























