ਪੰਜਾਬ ‘ਚ ਠੰਡ ਅਤੇ ਧੁੰਦ ਦਾ ਕਹਿਰ ਜਾਰੀ,ਕਈ ਸ਼ਹਿਰਾਂ ਦਾ ਤਾਪਮਾਨ 8 ਡਿਗਰੀ ਤੱਕ ਡਿੱਗਿਆ
ਚੰਡੀਗੜ੍ਹ 4 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਅਤੇ ਹਰਿਆਣਾ ਵਿੱਚ ਇਸ ਵਾਰ ਠੰਢ ਨੇ ਨਵਾਂ ਰਿਕਾਰਡ ਬਣਾਇਆ ਹੈ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜ ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਇਹ ਦੇਖਣ ਨੂੰ ਮਿਲਿਆ ਹੈ ਕਿ ਜਨਵਰੀ ਦੇ ਪਹਿਲੇ ਦਿਨ ਤੋਂ ਹੀ ਲਗਾਤਾਰ ਠੰਢ ਦੇਖਣ ਨੂੰ ਮਿਲ ਰਹੀ ਹੈ। ਇਹ ਸਿਲਸਿਲਾ 6 ਜਨਵਰੀ ਤੱਕ ਜਾਰੀ ਰਹੇਗਾ। ਇੱਕ ਨਵਾਂ ਰਿਕਾਰਡ ਇਹ ਵੀ ਸਾਹਮਣੇ ਆਇਆ ਹੈ ਕਿ 19 ਸਾਲਾਂ ਬਾਅਦ ਯਾਨੀ 2003 ਵਿੱਚ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ 10 ਡਿਗਰੀ ਦੀ ਗਿਰਾਵਟ ਲੈ ਕੇ ਦਿਨ ਦਾ ਤਾਪਮਾਨ 8 ਤੋਂ 11 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲ 2003 ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 11 ਤੋਂ 12 ਡਿਗਰੀ ਤੱਕ ਸੀ।ਇਸ ਨਾਲ ‘ਕੋਲਡ ਡੇ’ ਤੇ ‘ਸੀਵੀਅਰ ਕੋਲਡ ਡੇ’ ਦੀ ਸਥਿਤੀ ਬਣੀ ਰਹੀ। ਕਈ ਸ਼ਹਿਰਾਂ ’ਚ ਦਿਨ ਦਾ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਜ਼ਿਆਦਾਤਰ ਸ਼ਹਿਰਾਂ ’ਚ ਦਿਨ ਦਾ ਤਾਪਮਾਨ ਅੱਠ ਤੋਂ ਦਸ ਡਿਗਰੀ ਘੱਟ ਰਿਹਾ। ਉਧਰ ਦਿਨ ਤੇ ਰਾਤ ਦੇ ਤਾਪਮਾਨ ’ਚ ਮਹਿਜ਼ ਦੋ ਤੋਂ ਤਿੰਨ ਡਿਗਰੀ ਦਾ ਫ਼ਰਕ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਬਠਿੰਡਾ ਤੇ ਗੁਰਦਾਸਪੁਰ ਦਾ ਤਾਪਮਾਨ 6.8 ਡਿਗਰੀ ਸੈਲਸੀਅਸ ਰਿਹਾ ਜਦਕਿ ਮੁਹਾਲੀ ਦਾ ਤਾਪਮਾਨ 5.4 ਡਿਗਰੀ, ਹੁਸ਼ਿਆਰਪੁਰ ਦਾ 3.4, ਅੰਮ੍ਰਿਤਸਰ ਦਾ 5.6, ਪਟਿਆਲੇ ਦਾ 4.8 ਤੇ ਬਠਿੰਡੇ ਦਾ ਤਾਪਮਾਨ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।