
ਚੰਡੀਗੜ੍ਹ 8 ਦਸੰਬਰ ( ਵਿਸ਼ਵ ਵਾਰਤਾ )- :- ਐਕਸਾਈਜ਼ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ਤੇ ਰਾਜਪੁਰਾ ਵਿਖੇ ਪਟਿਆਲਾ ਰੋਡ ਤੇ ਇਕ ਗਡਾਊਨ ਚ ਚੱਲ ਰਹੀ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰ ਦਿੱਤਾ । ਪੰਜਾਬ ਸਰਕਾਰ ਦੇ ਸੂਤਰਾਂ ਮੁਤਾਬਕ ਫੈਕਟਰੀ ਵਾਲੀ ਇਮਾਰਤ ਨੂੰ ਪੁਲੀਸ ਨੇ ਚਾਰ ਚੁਫ਼ੇਰੇ ਤੋਂ ਘੇਰ ਲਿਆ ਹੈ । ਐਕਸਾਈਜ਼ ਵਿਭਾਗ ਤੋਂ ਇਲਾਵਾ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਫੈਕਟਰੀ ਅੰਦਰ ਮੌਜੂਦ ਹਨ । ਪਤਾ ਲੱਗਾ ਹੈ ਕਿ ਇੱਥੇ ਵੱਡੀ ਮਾਤਰਾ ਵਿੱਚ ਮਿਲਾਵਟ ਵਾਲੀ ਸ਼ਰਾਬ ਦੀਅਾਂ ਬੋਤਲਾਂ ਭਰੀਆਂ ਜਾਂਦੀਆਂ ਸਨ । ਇਹ ਵੀ ਪਤਾ ਲੱਗਾ ਹੈ ਕਿ ਇਸ ਦੋ ਨੰਬਰ ਤੇ ਚੱਲ ਰਹੇ ਬੋਟਲਿੰਗ ਪਲਾਂਟ ਚ ਬਣਕੇ ਸ਼ਰਾਬ ਜ਼ਿਆਦਾਤਰ ਪੈਲੇਸਾਂ ਵਿੱਚ ਹੋਣ ਵਾਲੇ ਵਿਆਹਾਂ ਤੇ ਹੀ ਭੇਜੀ ਜਾਂਦੀ ਸੀ। ਦੱਸਣਯੋਗ ਹੈ ਕਿ ਜਨਵਰੀ ਮਹੀਨੇ ਚ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਮਹਿੰਗੇ ਭਾਅ ਦੀ ਨਕਲੀ ਸ਼ਰਾਬ ਬਣਾਉਣ ਦਾ ਬੋਟਲਿੰਗ ਪਲਾਂਟ ਫੜਿਆ ਸੀ ਜਿਸ ਤੋਂ ਬਾਅਦ ਪੁਲੀਸ ਨੇ ਇੱਕ ਸਿਰਫ਼ ਕਰਿੰਦੇ ਤੇ ਹੀ ਮੁਕੱਦਮਾ ਦਰਜ ਕੀਤਾ ਸੀ । ਭਾਵੇਂ ਉਸ ਦੋਵੇਂ ਇਹ ਵੀ ਦੋਸ਼ ਲੱਗੇ ਸਨ ਕਿ ਇਹ ਪਲਾਂਟ ਇੱਕ ਸ਼ਰਾਬ ਦੇ ਵੱਡੇ ਕਾਰੋਬਾਰੀ ਦਾ ਹੈ । ਉਸ ਤੋਂ ਬਾਅਦ ਖੰਨਾ ਵਿਖੇ ਵੀ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ । ਉਸ ਫੈਕਟਰੀ ਪਿੱਛੇ ਵੀ ਰਾਜਨੀਤਕ ਲੋਕਾਂ ਦੀ ਮਾਲਕੀ ਦੇ ਵੀ ਦੋਸ਼ ਲੱਗੇ । ਉਸ ਤੋਂ ਬਾਅਦ ਭਾਵੇਂ ਅੱਧੀ ਦਰਜਨ ਹੋਰ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਸਨ। ਇਹ ਵੀ ਦੱਸਣਯੋਗ ਹੈ ਕਿ ਮਾਝੇ ਵਿੱਚ ਤਿੰਨ ਜ਼ਿਲ੍ਹਿਆਂ ਦੇ 250 ਦੇ ਕਰੀਬ ਲੋਕ ਵੀ ਨਕਲੀ ਸ਼ਰਾਬ ਪੀ ਕੇ ਇੱਕੋ ਹਫ਼ਤੇ ਵਿੱਚ ਮਰ ਚੁੱਕੇ ਹਨ ।




















