ਪੰਜਾਬ ਕਲਾ ਪ੍ਰੀਸ਼ਦ ਨੇ ਸੰਤੋਖ ਸਿੰਘ ਧੀਰ ਦੇ 102ਵੇਂ ਜਨਮ ਦਿਨ ’ਤੇ ਡਾ. ਮਹਿੰਦਰ ਸਿੰਘ ਰੰਧਾਵਾ ਨਾਲ ਸਾਂਝੀ ਤਸਵੀਰ ਸ਼ੁਸ਼ੋਭਿਤ ਕਰ ਕੀਤਾ ਯਾਦ
ਚੰਡੀਗੜ੍ਹ 3 ਦਸੰਬਰ(ਵਿਸ਼ਵ ਵਾਰਤਾ) -ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੇ 102ਵੇਂ ਜਨਮ ਦਿਨ ਮੌਕੇ ਉਨਾਂ ਨੂੰ ਯਾਦ ਕਰਦਿਆਂ ਡਾ. ਸੁਰਜੀਤ ਪਾਤਰ ਅਤੇ ਡਾ. ਲਖਵਿੰਦਰ ਜੌਹਲ ਦੀ ਅਗਵਾਈ ਹੇਠ ਪੰਜਾਬ ਕਲਾ ਪ੍ਰੀਸ਼ਦ ਵੱਲੋ ਸ੍ਰੀ ਧੀਰ ਅਤੇ ਡਾ. ਮਹਿੰਦਰ ਸਿੰਘ ਰੰਧਾਵਾ ਦੀ 1975 ਦੌਰਾਨ ਮੰਡੀ ਗੁਬਿੰਦ ਗੜ੍ਹ ਵਿਖੇ ਖਿੱਚੀ ਗਈ ਤਸਵੀਰ ਨੂੰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਡਾ. ਰੰਧਾਵਾ ਦੀਆਂ ਯਾਦਗਾਰੀ ਤਸਵੀਰਾਂ ਦੀ ਗੈਲਰੀ ਵਿਚ ਸ਼ੁਸ਼ੋਭਿਤ ਕੀਤਾ ਗਿਆ।ਗੌਰਤਲਬ ਹੈ ਕਿ ਇਸ ਗੈਲਰੀ ਵਿਚ ਡਾ. ਮਹਿੰਦਰ ਸਿੰਘ ਰੰਧਾਵਾ ਨਾਲ ਉਘੀਆਂ ਸ਼ਖਸ਼ੀਅਤ ਜਿਵੇਂ ਤਤਕਾਲੀਨ ਰਾਸ਼ਟਰਪਤੀ ਡਾ. ਵੀ.ਵੀ. ਗਿਰੀ, ਤਤਕਾਲੀਨ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸ੍ਰੀਮਤੀ ਇੰਦਰਾ ਗਾਂਧੀ, ਸਰਦਾਰ ਗੁਬਖਸ਼ ਸਿੰਘ ਪ੍ਰੀਤਲੜੀ,ਸੋਭਾ ਸਿੰਘ, ਪ੍ਰਿਥਵੀਰਾਜ ਕਪੂਰ, ਬਲਰਾਜ ਸਾਹਨੀ, ਫਰੀਦਾ ਬਰਿਲੀਐਂਟ, ਦਾਰਾ ਸਿੰਘ ਆਦਿ ਦੀਆਂ ਤਸਵੀਰਾਂ ਸ਼ਾਮਿਲ ਹਨ।

ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਸ: ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇਥੇ ਉਸ ਦੇ ਨਾਨਕੇ ਸਨ। ਉਸ ਦਾ ਅਸਲ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਨੇੜੇ ਪਿੰਡ ਡਡਹੇੜੀ ਸੀ। ਉਹਨਾਂ ਨੇ ਗਿਆਨੀ (੧੯੪੫) ਅਤੇ ਮੈਟ੍ਰਿਕ (੧੯੫੨, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਛੇਤੀ ਹੀ ਉਹ ਸਾਹਿਤ ਲੇਖਣ ਵੱਲ ਰੁਚਿਤ ਹੋ ਗਏ ਅਤੇ ਨਿਰੋਲ ਸਾਹਿਤਕਾਰ ਸਾਰੀ ਉਮਰ ਲੰਘਾ ਦਿੱਤੀ। ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਕਾਵਿ ਸੰਗ੍ਰਹਿ: ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ; ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ; ਨਾਵਲ: ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ ਆਦਿ ਸ਼ਾਮਿਲ ਹਨ ।























