ਪੰਜਾਬ ਐੱਸਸੀ ਕਮਿਸ਼ਨ ਕੋਲ ਪੁੱਜਿਆ ਜ਼ਿੰਮੀਂਦਾਰ ਵੱਲੋਂ ਦਲਿਤ ਪਰਿਵਾਰ ਦੀ ਫਸਲ ਵਾਹੁਣ ਦਾ ਮਾਮਲਾ

ਅੰਮ੍ਰਿਤਸਰ,13,ਅਗਸਤ (ਵਿਸ਼ਵ ਵਾਰਤਾ ) ਪਿੰਡ ਸੇਰੋਂ ਬਾਘਾ ‘ਚ ਇੱਕ ਦਲਿਤ ਟੱਬਰ ਨਾਲ ਜ਼ਿੰਮੀਂਦਾਰ ਘਰਾਣੇ ਦਿਆਂ ਲੋਕਾਂ ਵੱਲੋ ਕੀਤੀ ਜ਼ਿਆਦਤੀ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਚੰਡੀਗੜ੍ਹ ਕੋਲ ਪੁੱਜਾ ਹੈ।
ਦੱਸ ਦਈਏ ਕਿ ਦਲਿਤ ਪੀੜਤ ਪਰੀਵਾਰ ਦੇ ਮੁੱਖੀ ਲਾਭ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸੇਰੋਂ ਬਾਘਾ ਪੁਲੀਸ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨੇ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੂੰ ਮਿਲਣ ਮੌਕੇ ਸੌਂਪੀ ਇੱਕ ਲਿਖਤੀ ਸ਼ਿਕਾਇਤ ‘ਚ ਦੋਸ਼ ਲਗਾਇਆ ਹੈ ਕਿ ਪਿੰਡ ਸੇਰੋਂ ਜਲਾਲਪੁਰ ਦੇ ਰਹਿਣ ਵਾਲੇ ਜ਼ਿੰਮੀਂਦਾਰ ਪਰਿਵਾਰ ਨੇ ਉਨ੍ਹਾ ਦੇ ਪਿੰਡ ਗ੍ਰਾਮ ਪੰਕਚਾਇਤ ਸੇਰੋਂ ਬਾਘਾ ਵਿਖੇ ਸਥਿਤ 3 ਏਕੜ ਜ਼ਮੀਨ ਜੋ ਕਿ ਉਸ ਨੇ 1 ਜੂਨ 2021 ਨੂੰ ਪੰਚਾਇਤ ਤੋਂ ਠੇਕੇ ਤੋਂ ਲਈ ਹੈ ਜਿਸ ‘ਚ ਤਿਲ੍ਹ,ਬਾਜਰਾ ਅਤੇ ਜਵਾਰ ਬੀਜੀ ਸੀ ਉਹ 30 ਜੁਲਾਈ 2021 ਨੂੰ ਦੋਸ਼ੀ ਧਿਰ ਨੇ ਹੱਥਿਆਰਬੰਦ ਵਿਅਕਤੀਆਂ ਦੀ ਹਾਜਰੀ ‘ਚ ਟੈ੍ਰਕਟਰ ਲਿਆ ਕੇ ਸਾਰੀ ਕਾਸ਼ਤ ਕੀਤੀ ਫਸਲ ਤਬਾਹ ਕਰ ਦਿੱਤੀ ਹੈ।
ਪੀੜਤ ਨੇ ਲਿਖਤੀ ਬਿਆਨ ਜੋ ਕਮਿਸ਼ਨ ਨੂੰ ਲੋੜੀਂਦੀ ਕਾਰਵਾਰੀ ਹਿੱਤ ਦਿੱਤੇ ਹਨ ‘ਚ ਦੋਸ਼ ਲਗਾਇਆ ਹੈ ਕਿ ਬਲਾਕ ਵਿਕਾਸ ਪੰਚਾਇਤ ਅਫਸਰ ਨੇ ਵੀ ਐਸਐਚਓ ਪੁਲੀਸ ਥਾਣਾ ਬਿਆਸ ਨੂੰ ਲਿਖਿਆ ਹੈ ਕਿ ਦੋਸ਼ੀ ਧਿਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ,ਪਰ ਸਥਾਨਕ ਪੁਲੀਸ ਨੇ ਅਜੇ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਨੇ ਪੀੜਤ ਧਿਰ ਤੋਂ ਸ਼ਿਕਾਇਤ ਪ੍ਰਾਪਤ ਕਰਦਿਆਂ ਹੋਇਆਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਜ਼ਿਮੀਂਦਾਰ ਪਰਿਵਾਰ ਵੱਲੋਂ ਦੂਸਰੇ ਪਿੰਡ ਦੀ ਹੱਦ ‘ਚ ਦਖਲ ਦਿੰਦੇ ਹੋਏ ਪੰਚਾਇਤ ਦੀ ਮਾਲਕੀ ਹੇਠਲੀ ਜ਼ਮੀਨ ‘ਚ ਕਾਸ਼ਤ ਕੀਤੀ ਫਸਲ ਨੂੰ ਵਾਹ ਦੇਣਾ ਅਤੇ ਠੇਕੇਦਾਰ ਧਿਰ ਨੂੰ ਸ਼ਰੇਆਮ ਧਮਕਾਉਂਣਾ ਸੰਗੀਨ ਅਪਰਾਧ ਹੈ।
ਇਸ ਲਈ ਕਮਿਸ਼ਨ ਨੇ ਐਸਐਸਪੀ ਪੁਲੀਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਨੋਟਿਸ ਜਾਰੀ ਕਰਦਿਆਂ ਹੋਇਆਂ ਦੋਸ਼ੀ ਧਿਰ ਖਿਲਾਫ ਪ੍ਰਾਰਥੀ ਦੇ ਬਿਆਨਾ ਤੇ ਕਨੂੰਨੀ ਕਾਰਵਾਈ ਕਰਦਿਆਂ 20 ਸਤੰਬਰ 2021 ਨੂੰ ਸਟੇਟਸ ਰਿਪੋਰਟ ਭੇਜਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆ ਹਨ।






















