ਭਾਰਤ ਬਨਾਮ ਨਿਊਜ਼ੀਲੈਂਡ
ਪੰਜਾਬੀ ਮੁੰਡੇ ਸ਼ੁਭਮਨ ਗਿੱਲ ਨੇ ਨਿਉਜ਼ੀਲੈਂਡ ਦੀ ਟੀਮ ਦੇ ਛੁਡਾਏ ਛੱਕੇ- ਰਚਿਆ ਨਵਾਂ ਇਤਿਹਾਸ
ਪੜ੍ਹੋ, ਨਿਊਜ਼ੀਲੈਂਡ ਦੀ ਟੀਮ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ
ਚੰਡੀਗੜ੍ਹ, 1ਫਰਵਰੀ(ਵਿਸ਼ਵ ਵਾਰਤਾ) ਭਾਰਤੀ ਕ੍ਰਿਕਟ ਟੀਮ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਜਿਸ ਵਿੱਚ ਭਾਰਤੀ ਟੀਮ ਦੇ ਉਭਰਦੇ ਸਿਤਾਰੇ ਸ਼ੁਭਮਨ ਗਿੱਲ ਨੇ ਨਵਾਂ ਰਿਕਾਰਡ ਦਰਜ ਕਰਦਿਆਂ 126ਦੌੜਾਂ ਬਣਾਈਆਂ ਹਨ।
ਦੱਸ ਦਈਏ ਕਿ ਸ਼ੁਭਮਨ ਗਿੱਲ ਟੀ-20 ਅੰਤਰਰਾਸ਼ਟਰੀ ਵਿੱਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ ਹਨ। ਗਿੱਲ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ, ਜ਼ਿਕਰਯੋਗ ਹੈ ਕਿ ਵਿਰਾਟ ਨੇ ਪਿਛਲੇ ਸਾਲ ਅਫਗਾਨਿਸਤਾਨ ਖਿਲਾਫ 122 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਪਹਿਲਾਂ ਸਾਲ 2018 ਵਿੱਚ ਰੋਹਿਤ ਸ਼ਰਮਾ ਨੇ 118 ਦੌੜਾਂ ਬਣਾਈਆਂ ਸਨ।
ਅੱਜ ਦੇ ਖੇਡ ਦੀ ਗੱਲ ਕਰਿਏ ਤਾਂ ਸ਼ੁਭਮਨ ਨੇ 63 ਗੇਂਦਾਂ ਦਾ ਸਾਹਮਣਾ ਕੀਤਾ ਅਤੇ 12 ਚੌਕੇ ਅਤੇ 7 ਛੱਕੇ ਲਗਾਏ। ਇਸਦੇ ਨਾਲ ਹੀ ਰਾਹੁਲ ਤ੍ਰਿਪਾਠੀ ਨੇ 44, ਕਪਤਾਨ ਹਾਰਦਿਕ ਪੰਡਯਾ ਨੇ 30 ਅਤੇ ਸੂਰਿਆਕੁਮਾਰ ਯਾਦਵ ਨੇ 24 ਦੌੜਾਂ ਬਣਾਈਆਂ। ਅੱਜ ਦੇ ਮੈਚ ਵਿੱਚ ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ, ਤੇ 4 ਵਿਕਟਾਂ ਦੇ ਨੁਕਸਾਨ ਤੇ ਨਿਊਜ਼ੀਲੈਂਡ ਦੇ ਖਿਲਾਫ਼ 234 ਰਨਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਡੇਰਿਲ ਮਿਸ਼ੇਲ, ਮਾਈਕਲ ਬ੍ਰੇਸਵੈੱਲ, ਬਲੇਅਰ ਟਿਕਨਰ ਅਤੇ ਈਸ਼ ਸੋਢੀ ਨੇ ਇਕ-ਇਕ ਵਿਕਟ ਲਈ। ਹੁਣ ਨਿਊਜ਼ਲੈਂਡ ਨੂੰ ਜਿੱਤਣ ਲਈ 235 ਦੌੜਾਂ ਦੀ ਜ਼ਰੂਰਤ ਹੋਵੇਗੀ।