ਪੰਜਾਬੀ ਫਿਲਮ ਜਗਤ ਨਾਲ ਜੁੜੀ ਬੁਰੀ ਖ਼ਬਰ, ਮਸ਼ਹੂਰ ਅਦਾਕਾਰ ਅੰਮ੍ਰਿਤਪਾਲ ਛੋਟੂ ਦਾ ਹੋਇਆ ਦੇਹਾਂਤ
ਚੰਡੀਗੜ੍ਹ 17 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਪੰਜਾਬੀ ਫਿਲਮ ਜਗਤ ਨਾਲ ਜੁੜੀ ਇੱਕ ਬੇਹੱਦ ਦੁਖ਼ਦ ਖਬਰ ਸਾਹਮਣੇ ਆਈ ਹੈ। ਪੰਜਾਬ ਫਿਲਮਾਂ ਦੇ ਮਸ਼ਹੂਰ ਅਦਾਕਾਰ ਅੰਮ੍ਰਿਤਪਾਲ ਛੋਟੂ ਦਾ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ PFTAA Punjabi Film and TV Actors Assocation’ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਸੀ ਤੇ ਸ਼ੁੱਕਰਵਾਰ ਸਵੇਰੇ ਰਾਮ ਦਰਬਾਰ ਚੰਡੀਗੜ੍ਹ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਚੰਡੀਗੜ੍ਹ ਦੇ ਹੀ ਸੈਕਟਰ-25 ਦੇ ਸ਼ਮਸ਼ਾਨਘਾਟ ‘ਚ ਦੁਪਹਿਰ 12 ਵਜੇ ਕੀਤਾ ਜਾਵੇਗਾ। ਅੰਮ੍ਰਿਤਪਾਲ ਛੋਟੂ ਨੇ ਵਿਆਹ 70 ਕਿੱਲੋਮੀਟਰ, ਦਿਲਜੀਤ ਦੁਸਾਂਝ ਨਾਲ ਸਰਦਾਰ ਜੀ, ਸਰਦਾਰ ਜੀ-2 ਸਮੇਤ ਕਈ ਪੰਜਾਬੀ ਫਿਲਮਾਂ ‘ਚ ਕੰਮ ਕੀਤਾ ਹੈ।
ਪੀਐੱਫਟੀਏਏ ਦੇ ਪ੍ਰਧਾਨ ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਭੰਗੂ, ਸਤਵੰਦ ਕੌਰ, ਰੁਪਿੰਦਰ ਰੂਪੀ, ਤਰਸੇਮ ਪਾਲ, ਗੱਗੂ ਗਿੱਲ ਆਦਿ ਨੇ ਅਦਾਕਾਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।