ਪੰਜਾਬੀ ਨਹੀਂ ਮਨਾ ਸਕਣਗੇ ਨਵੇਂ ਸਾਲ ਦਾ ਖੁੱਲ੍ਹ ਕੇ ਜਸ਼ਨ
ਫਿੱਕੇ-ਫਿੱਕੇ ਰਹਿਣਗੇ ਪ੍ਰੋਗਰਾਮ
10 ਵਜੇ ਤੱਕ ਘਰਾਂ ਨੂੰ ਜਾਣ ਦੀ ਰਹੇਗੀ ਦਹਿਸ਼ਤ
ਚੰਡੀਗੜ੍ਹ ਅਤੇ ਹਰਿਆਣਾ ਦੇ ਲੋਕ ਖੁੱਲ੍ਹ ਕੇ ਮਨਾਉਣਗੇ ਜਸ਼ਨ
ਹਿਮਾਚਲ ਅਤੇ ਦਿੱਲੀ ਵਿੱਚ ਵੀ 11ਵਜੇ ਤੋਂ ਬਾਅਦ ਘਰਾਂ ਤੋਂ ਬਾਹਰ ਰਹਿ ਕੇ ਨਵਾਂ ਸਾਲ ਮਨਾਉਣਾ ਪਵੇਗਾ ਮਹਿੰਗਾ

ਚੰਡੀਗੜ੍ਹ, 31 ਦਸੰਬਰ(ਵਿਸ਼ਵ ਵਾਰਤਾ)-ਨਵੇਂ ਸਾਲ ਦੇ ਜਸ਼ਨ ਜਿਥੇ ਦੁਨੀਆ ਭਰ ਵਿੱਚ ਬੜੇ ਜੋਸ਼-ਖਰੋਸ਼ ਨਾਲ ਮਨਾਏ ਜਾਂਦੇ ਹਨ, ਉਥੇ ਕੋਰੋਨਾ ਮਹਾਮਾਰੀ ਕਾਰਨ ਫਿੱਕੇ- ਫਿੱਕੇ ਹੀ ਰਹਿ ਗਏ ਹਨ। ਜਿਆਦਾਤਰ ਦੇਸ਼ਾਂ -ਸੂਬਿਆਂ ਵਿੱਚ ਇਹ ਜਸ਼ਨ ਜੋ ਕਿ ਰਾਤ ਦੇ ਬਾਰਾਂ-ਇਕ ਵਜੇ ਤੱਕ ਚੱਲਦੇ ਸਨ,ਮਨਾਉਣ ਉਤੇ ਭਾਰੀ ਪਾਬੰਦੀਆਂ ਲੱਗੀਆਂ ਹੋਈਆਂ ਹਨ। ਪੰਜਾਬ ਵਾਸੀ ਜਿਹੜੇ ਕਿ ਹਰ ਕੋਈ ਜਸ਼ਨ ਖੁੱਲ੍ਹ ਕੇ ਮਨਾਉਣ ਵਿੱਚ ਮਸ਼ਹੂਰ ਹਨ ਇਸ ਵਾਰ ਨਵੇਂ ਸਾਲ ਦਾ ਜਸ਼ਨ ਵੀ ਆਪਣੇ-ਆਪਣੇ ਘਰਾਂ ਵਿੱਚ ਬੈਠੇ ਕੇ ਹੀ ਮਨਾਉਣ ਦੇ ਪਾਬੰਦ ਹੋਏ ਪਏ ਹਨ।ਬੇਸ਼ੱਕ ਪੰਜਾਬ ਸਰਕਾਰ ਨੇ 1 ਜਨਵਰੀ 2021 ਤੋਂ ਰਾਤ ਦਾ ਕਰਫਿਊ ਹਟਾ ਲਿਆ ਹੈ ,ਪਰ ਅੱਜ ਨਵੇਂ ਸਾਲ ਦੇ ਜਸ਼ਨਾਂ ਵਾਲਾ ਦਿਨ ਰਾਤ ਨੂੰ 10 ਵਜੇ ਕਰਫਿਊ ਲਗਾਉਣ ਦੇ ਹੁਕਮ ਹਨ। ਇਸ ਦੇ ਨਾਲ ਹੀ ਹਿਮਾਚਲ ਅਤੇ ਦਿੱਲੀ ਵਿੱਚ ਰਾਤ 11 ਵਜੇ ਤੋਂ ਕਰਫਿਊ ਲਾਗੂ ਹੋ ਜਾਣਗੇ। ਜਦ ਕਿ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੀ ਚੰਡੀਗੜ੍ਹ ਵਿਖੇ ਅਤੇ ਹਰਿਆਣਾ ਵਿੱਚ ਪੂਰੀ ਰਾਤ ਨਵੇਂ ਸਾਲ ਦੇ ਜਸ਼ਨ ਮਨਾਏ ਜਾਣਗੇ। ਪੰਜਾਬ ਨਾਲ ਲੱਗਦੇ ਜ਼ਿਲ੍ਹਾ ਮੋਹਾਲੀ ਦੇ ਵਾਸੀ ਜਿਹਨਾਂ ਦਾ ਦੋਸਤੀ ਸਰਕਲ ਚੰਡੀਗੜ੍ਹ ਵਿੱਚ ਜ਼ਿਆਦਾ ਹੈ, ਭਾਰੀ ਪਰੇਸ਼ਾਨੀ ਵਿੱਚ ਹਨ ਕਿਉਂਕਿ ਜੇਕਰ ਉਹ ਨਵੇਂ ਸਾਲ ਦਾ ਜਸ਼ਨ ਪੂਰਾ ਮਨਾ ਕੇ ਮੋਹਾਲੀ ਵਿੱਚ ਆਪਣੇ ਘਰ ਵਾਪਸ ਆਉਣਗੇ ਤਾਂ ਉਹਨਾਂ ਲਈ ਲਗਾਏ ਗਏ ਪੁਲਿਸ ਨਾਕਿਆਂ ਤੋਂ ਭਾਰੀ ਪਰੇਸ਼ਾਨੀ ਹੋ ਸਕਦੀ ਹੈ।






















