ਚੰਡੀਗੜ੍ਹ, 29 ਦਸੰਬਰ (ਵਿਸ਼ਵ ਵਾਰਤਾ) – ਪੰਜਾਬ ਵਿਚ ਭਲਕੇ ਐਤਵਾਰ ਨੂੰ ਸਰਪੰਚਾਂ ਅਤੇ ਪੰਚਾਂ ਦੀ ਚੋਣ ਲਈ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਰਕਾਰੀ ਅਮਲਾ ਪੋਲਿੰਗ ਸਟੇਸ਼ਨਾਂ ਰਵਾਨਾ ਹੋ ਚੁੱਕਾ ਹੈ ਅਤੇ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਕਰਾਉਣ ਲਈ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਵੋਟਾਂ ਸਵੇਰੇ 8 ਵਜੇ ਪੈਣੀਆਂ ਸ਼ੁਰੂ ਹੋਣਗੀਆਂ, ਜੋ ਕਿ ਸ਼ਾਮ 4 ਵਜੇ ਤਕ ਚੱਲਣਗੀਆਂ। ਕੱਲ੍ਹ ਸ਼ਾਮ ਨੂੰ ਹੀ ਨਤੀਜਿਆਂ ਦਾ ਐਲਾਨ ਕਰ ਦਿਤਾ ਜਾਵੇਗਾ।
ਪੰਜਾਬ ਦੀਆਂ 13,276 ਪੰਚਾਇਤਾਂ ਲਈ ਇੰਨੇ ਹੀ ਸਰਪੰਚ ਅਤੇ 83831 ਪੰਚ ਚੁਣੇ ਜਾਣਗੇ। ਪੰਜਾਬ ਵਿੱਚ ਕੁੱਲ 1,27,87395 ਰਜਿਸਟਰਡ ਵੋਟਰ ਹਨ, ਜਿਨਾਂ ਵਿੱਚ 6688245 ਪੁਰਸ਼, 6066245 ਔਰਤਾਂ ਅਤੇ 97 ਵੋਟਰ ਤੀਜੇ ਲਿੰਗ ਦੇ ਹਨ।
ਇਸ ਦੌਰਾਨ ਪੰਜਾਬ ਵਿਚ 28375 ਉਮੀਦਵਾਰ ਸਰਪੰਚੀ ਦੇ ਅਹੁਦੇ ਲਈ ਆਪਣੀ ਕਿਸਮਤ ਅਜਮਾਉਣਗੇ ਜਦਕਿ ਰਾਜ ਵਿੱਚ 1863 ਤੋਂ ਵਧੇਰੇ ਸਰਪੰਚ ਨਿਰਵਿਰੋਧ ਚੁਣੇ ਗਏ ਹਨ।
ਪੰਚਾਂ ਲਈ 104027 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਜਦਕਿ 22203 ਤੋਂ ਵੱਧ ਪੰਚ ਨਿਰਵਿਰੋਧ ਚੁਣੇ ਗਏ ਹਨ।