ਲੁਟੇਰਿਆਂ ਨੇ ਲੱਭਿਆ ਠੱਗੀ ਮਾਰਨ ਦਾ ਨਵਾਂ ਢੰਗ
ਪੜ੍ਹੋ ਕਿਵੇਂ ਟਵਿੱਟਰ ‘ਤੇ ਬਲੂ ਟਿੱਕ ਦਵਾਉਣ ਦੇ ਨਾਮ ‘ਤੇ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ ਸ਼ਿਕਾਰ, ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਚੰਡੀਗੜ੍ਹ 7 ਨਵੰਬਰ(ਵਿਸ਼ਵ ਵਾਰਤਾ) -ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਟਵਿੱਟਰ ਦੇ ਪ੍ਰਮਾਣਿਤ ਬਲੂ ਟਿੱਕ ਖਾਤੇ ਲਈ $8 ਪ੍ਰਤੀ ਮਹੀਨਾ ਖਰਚ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਹੁਣ ਸਾਈਬਰ ਠੱਗ ਵੀ ਇਸ ਬਲੂ ਟਿੱਕ ਦੇ ਨਾਂ ‘ਤੇ ਠੱਗੀ ਮਾਰ ਰਹੇ ਹਨ। ਲੋਕਾਂ ਨੂੰ $2 ਦਾ ਕੱਠਾ ਭੁਗਤਾਨ ਕਰਕੇ ਮੋਬਾਈਲ ਫੋਨਾਂ ‘ਤੇ ਪ੍ਰਮਾਣਿਤ ਬੈਜ ਦੇਣ ਲਈ ਕਾਲ ਅਤੇ ਮੈਸਜ ਕੀਤੇ ਜਾ ਰਹੇ ਹਨ। ਅਜਿਹੇ ‘ਚ ਚੰਡੀਗੜ੍ਹ ਪੁਲਸ ਨੇ ਲੋਕਾਂ ਨੂੰ ਇਸ ਨਵੀਂ ਧੋਖਾਧੜੀ ਤੋਂ ਬਚਣ ਲਈ ਕਿਹਾ ਹੈ। ਬਲੂ ਟਿੱਕ ਦੇ ਨਾਂ ‘ਤੇ ਟਵਿਟਰ ਅਕਾਊਂਟ ‘ਤੇ ਲੋਕਾਂ ਨੂੰ ਕਲਿੱਕ ਲਿੰਕ ਭੇਜੇ ਜਾ ਰਹੇ ਹਨ। ਇੱਕ ਵਾਰ ਜਦੋਂ ਵਿਅਕਤੀ ਲਿੰਕ ‘ਤੇ ਕਲਿੱਕ ਕਰਕੇ ਪੈਸੇ ਟ੍ਰਾਂਸਫਰ ਕਰਨ ਲਈ ਜਾਣਕਾਰੀ ਦਰਜ ਕਰ ਲੈਂਦਾ ਹੈ, ਤਾਂ ਸਾਈਬਰ ਠੱਗ ਫੋਨ ਤੱਕ ਪਹੁੰਚ ਕਰ ਸਕਦੇ ਹਨ ਅਤੇ ਵਿਅਕਤੀ ਦੇ ਖਾਤੇ ਵਿੱਚੋਂ ਪੈਸੇ ਕਢਵਾ ਸਕਦੇ ਹਨ।
ਲੋਕਾਂ ਦੇ ਮੋਬਾਇਲ ‘ਤੇ ਜੋ ਫਰਜ਼ੀ ਸੰਦੇਸ਼ ਮਿਲ ਰਹੇ ਹਨ, ਉਸ ‘ਚ ਕਿਹਾ ਜਾ ਰਿਹਾ ਹੈ, ‘ਪਿਆਰੇ ਟਵਿੱਟਰ ਯੂਜ਼ਰਸ, ਪ੍ਰੀ ਕ੍ਰਿਸਮਸ ਕਲੀਅਰੈਂਸ ‘ਤੇ ਵਿਸ਼ੇਸ਼ ਛੋਟ ਦਾ ਫਾਇਦਾ ਉਠਾਓ। ਪ੍ਰਤੀ ਮੈਂਬਰ US$2 ਲਈ ਵਿਸ਼ੇਸ਼ ਅਰਲੀ ਬਰਡ ਡਿਸਕਾਊਂਟ ਅਤੇ ਫੈਮਿਲੀ ਪੈਕ ਲਈ ਇਹ ਲਿੰਕ ਖੋਲ੍ਹੋ। ਇਸ ਦੇ ਨਾਲ ਲਿੰਕ ਦਿੱਤਾ ਗਿਆ ਹੈ। ਜਿਵੇਂ ਹੀ ਵਿਅਕਤੀ ਇੱਕ ਵਾਰ ਲਿੰਕ ‘ਤੇ ਕਲਿੱਕ ਕਰਦਾ ਹੈ ਅਤੇ ਟ੍ਰਾਂਜੈਕਸ਼ਨ ਪੂਰਾ ਕਰਦਾ ਹੈ ਤਾਂ ਸਾਈਬਰ ਠੱਗ ਬੈਂਕ ਖਾਤੇ ਅਤੇ ਪਾਸਵਰਡ ਤੱਕ ਪਹੁੰਚ ਕਰਕੇ ਪੈਸੇ ਕਢਵਾ ਰਹੇ ਹਨ। ਹਾਲਾਂਕਿ ਟਵਿੱਟਰ ਦੇ ਨਾਂ ‘ਤੇ ਜਾਅਲਸਾਜ਼ੀ ਦੇ ਮਾਮਲੇ ‘ਚ ਚੰਡੀਗੜ੍ਹ ‘ਚ ਕੋਈ ਐੱਫ.ਆਈ.ਆਰ ਦਰਜ ਨਹੀਂ ਹੋਈ ਹੈ ਪਰ ਪੁਲਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।























