ਸੰਯੁਕਤ ਕਿਸਾਨ ਮੋਰਚੇ ਦੇ ਨਿਸ਼ਾਨੇ ਤੇ ਆਏ ਸੁਖਬੀਰ ਬਾਦਲ
ਪੜ੍ਹੋ,ਸੁਖਬੀਰ ਬਾਦਲ ਦਾ ਵਿਵਾਦਿਤ ਬਿਆਨ ਅਤੇ ਸੰਯੁਕਤ ਕਿਸਾਨ ਮੋਰਚੇ ਦਾ ਅਕਾਲੀ ਦਲ ਪ੍ਰਧਾਨ ਨੂੰ ਕਰਾਰਾ ਜਵਾਬ

ਚੰਡੀਗੜ੍ਹ,4 ਸਤੰਬਰ(ਵਿਸ਼ਵ ਵਾਰਤਾ):ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਵਿਵਾਦਾਂ ਵਿੱਚ ਘਿਰ ਗਏ ਹਨ। ਸੁਖਬੀਰ ਨੇ ਲੁਧਿਆਣਾ ਵਿੱਚ ਸਾਹਨੇਵਾਲ ਰੈਲੀ ਦੌਰਾਨ ਕਿਹਾ ਕਿ ਅਸੀਂ ਸ਼ਾਂਤੀ ਅਤੇ ਭਾਈਚਾਰਾ ਚਾਹੁੰਦੇ ਹਾਂ, ਲੜਾਈ ਨਹੀਂ। ਜੇ ਮੈਂ ਇਕ ਇਸ਼ਾਰਾ ਕਰਾਂ ਤਾਂ ਇਹ ਲੱਭਣ ਤੇ ਵੀ ਨਹੀਂ ਮਿਲਣਗੇ। ਉਹਨਾਂ ਦਾ ਇਹ ਬਿਆਨ ਸ਼ੋਸ਼ਲ ਮੀਡੀਆ ਤੇ ਮੋਗਾ ਵਿਖੇ ਹੋਏ ਲਾਠੀਚਾਰਜ ਤੋਂ ਬਾਅਦ ਕਾਫੀ ਵਾਇਰਲ ਹੋ ਰਿਹਾ ਸੀ।
ਸੁਖਬੀਰ ਬਾਦਲ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਿੰਘੂ ਸਰਹੱਦ ‘ਤੇ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸੁਖਬੀਰ ਬਾਦਲ ਨੂੰ ਆਪਣੀ ਜੁਬਾਨ ‘ਤੇ ਕਾਬੂ ਰੱਖਣ ਲਈ ਕਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਐਲਾਨ ਕੀਤਾ ਤਾਂ ਸੁਖਬੀਰ ਪੰਜਾਬ ਵਿੱਚ ਕਿਤੇ ਖੜ੍ਹੇ ਨਹੀਂ ਹੋ ਸਕਣਗੇ।
ਜਿਕਰਯੋਗ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੁਖਬੀਰ 100 ਦਿਨਾਂ ਦੇ ਆਪਣੇ ਪੰਜਾਬ ਦੌਰੇ ‘ਤੇ ਹਨ। ਸੰਯੁਕਤ ਕਿਸਾਨ ਮੋਰਚੇ ਨਾਲ ਟਕਰਾਅ ਤੋਂ ਬਾਅਦ ਸੁਖਬੀਰ ਨੇ ਹੁਣ ਸਾਰੇ ਪ੍ਰੋਗਰਾਮ 5 ਦਿਨਾਂ ਲਈ ਮੁਲਤਵੀ ਕਰ ਦਿੱਤੇ ਹਨ। ਸੁਖਬੀਰ ਨੇ ਕਿਹਾ ਕਿ ਇਨ੍ਹਾਂ 5 ਦਿਨਾਂ ਵਿੱਚ ਕਿਸਾਨ ਆਗੂ ਜਿੱਥੇ ਵੀ ਚਾਹੁਣ ਉਨ੍ਹਾਂ ਨੂੰ ਫ਼ੋਨ ਕਰਕੇ ਪੁੱਛਗਿੱਛ ਕਰ ਸਕਦੇ ਹਨ। ਉਸ ਦੀ ਪੂਰੀ ਲੀਡਰਸ਼ਿਪ ਆਉਣ ਲਈ ਤਿਆਰ ਹੈ।






















