-ਜੀਵਨਜੋਤ ਕੌਰ ਸੂਬਾ ਸਹਿ ਪ੍ਰਧਾਨ ਅਤੇ 5 ਜ਼ੋਨਾਂ ਦੇ ਪ੍ਰਧਾਨ ਵੀ ਕੀਤੇ ਨਿਯੁਕਤ
ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੀ ਮਜ਼ਬੂਤੀ ਅਤੇ ਵਿਸਤਾਰ ਕਰਦਿਆਂ ਸੂਬਾ ਉਪ ਪ੍ਰਧਾਨ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ‘ਆਪ’ ਮਹਿਲਾ ਵਿੰਗ ਪੰਜਾਬ ਦੀ ਆਬਜ਼ਰਵਰ ਅਤੇ ਸੀਨੀਅਰ ਮਹਿਲਾ ਆਗੂ ਰਾਜ ਲਾਲੀ ਗਿੱਲ ਨੂੰ ਸੂਬਾ ਪ੍ਰਧਾਨ ਬਣਾ ਦਿੱਤਾ ਹੈ। ਇਸ ਤਰ੍ਹਾਂ ਅੰਮ੍ਰਿਤਸਰ ਤੋਂ ਸਰਗਰਮ ਮਹਿਲਾ ਆਗੂ ਜੀਵਨਜੋਤ ਕੌਰ ਨੂੰ ਸੂਬਾ ਸਹਿ ਪ੍ਰਧਾਨ ਅਤੇ 5 ਜ਼ੋਨ ਪ੍ਰਧਾਨਾਂ ਦੀ ਨਿਯੁਕਤੀ ਵੀ ਕੀਤੀ ਗਈ।
‘ਆਪ’ ਦੇ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਅੱਜ ਮਹਿਲਾ ਵਿੰਗ ਦੇ ਨਵੇਂ ਢਾਂਚੇ ਦੀ ਰਸਮੀ ਘੋਸ਼ਣਾ ਕੀਤੀ। ‘ਆਪ’ ਮਹਿਲਾ ਵਿੰਗ ਦੇ ਪੰਜ ਜ਼ੋਨ ਪ੍ਰਧਾਨਾਂ ਲਈ ਅਮਰਜੀਤ ਕੌਰ ਮੁਛਾਲ ਨੂੰ ਪ੍ਰਧਾਨ ਮਾਝਾ ਜ਼ੋਨ, ਰਾਜਵਿੰਦਰ ਕੌਰ ਨੂੰ ਪ੍ਰਧਾਨ ਦੋਆਬਾ ਜ਼ੋਨ, ਭੁਪਿੰਦਰ ਕੌਰ ਫ਼ਿਰੋਜ਼ਪੁਰ ਨੂੰ ਪ੍ਰਧਾਨ ਮਾਲਵਾ ਜ਼ੋਨ-1, ਰਜਿੰਦਰਪਾਲ ਕੌਰ ਛੀਨਾ ਨੂੰ ਪ੍ਰਧਾਨ ਮਾਲਵਾ ਜ਼ੋਨ-2 ਅਤੇ ਕੁਲਦੀਪ ਕੌਰ ਨੂੰ ਪ੍ਰਧਾਨ ਮਾਲਵਾ ਜ਼ੋਨ-3 ਨਿਯੁਕਤ ਕੀਤਾ ਗਿਆ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਨਿਯੁਕਤੀਆਂ ਪਾਰਟੀ ਦੇ ਸੂਬਾ ਜ਼ੋਨ ਪ੍ਰਧਾਨਾਂ ਅਤੇ ਸੀਨੀਅਰ ਅਹੁਦੇਦਾਰਾਂ ਨਾਲ ਸਲਾਹ-ਮਸ਼ਵਰੇ ਉਪਰੰਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਅੱਧੀ ਆਬਾਦੀ ਨਾਲ ਸੰਬੰਧਿਤ ਇਸ ਅਹਿਮ ਮਹਿਲਾ ਵਿੰਗ ਦੇ ਵਿਸਤਾਰ ਨਾਲ ਪਾਰਟੀ ਦੀਆਂ ਜੜ੍ਹਾਂ ਧਰਾਤਲ ਪੱਧਰ ਤੱਕ ਹੋਰ ਜ਼ਿਆਦਾ ਮਜ਼ਬੂਤ ਹੋਣਗੀਆਂ।