ਬਠਿੰਡਾ, 14 ਮਈ – ਪੰਜਾਬ ਵਿਚ ਚੋਣ ਪ੍ਰਚਾਰ ਲਈ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਅੱਜ ਬਠਿੰਡਾ ਰੈਲੀ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਸਮੇਤ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਨਿਸ਼ਾਨਾ ਬਣਾਇਆ। ਪ੍ਰਿਅੰਕਾ ਨੇ ਪੰਜਾਬੀ ਭਾਵਨਾਵਾਂ ਨੂੰ ਵੀ ਛੋਹਿਆ ਤੇ ਕਿਹਾ ਕਿ ਬਾਬਾ ਨਾਨਕ ਨੇ ਤੇਰਾਂ ਤੇਰਾਂ ਤੋਲਿਆ ਸੀ ਤੇ ਮੋਦੀ ਮੇਰਾ ਮੇਰਾ ਤੋਲ ਰਿਹਾ ਹੈ।
ਉਹਨਾਂ ਨੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਉਤੇ ਅਕਾਲੀ-ਭਾਜਪਾ ਨੂੰ ਘੇਰਿਆ। ਉਹਨਾਂ ਕਿਹਾ ਕਿ ਬੇਅਦਬੀ ਮਾਮਲੇ ਦਾ ਦੁੱਖ ਹੈ ਅਤੇ ਦੋਸ਼ੀਆਂ ਇਸ ਦੀਆਂ ਸਜ਼ਾਵਾਂ ਜਰੂਰ ਮਿਲਣਗੀਆਂ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਇਸ ਸਮੇਂ ਚਿੱਟੇ ਨਾਲ ਤੜਪ ਰਿਹਾ ਹੈ।
ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਭਾਸ਼ਨ ਦੀ ਸ਼ੂਰੁਆਤ ਕੀਤੀ। ਸ੍ਰੀਮਤੀ ਪ੍ਰਿਅੰਕਾ ਗਾਂਧੀ ਨੇ ਕਿਹਾ ਮੇਰੇ ਘਰਵਾਲਾ ਪੰਜਾਬੀ ਹੈ। ਮੈਂ ਪੰਜਾਬ ਦੀ ਧਰਤੀ ਤੇ ਪੰਜਾਬੀ ਕੌਮ ਨੂੰ ਸਲਾਮ ਕਰਦੀ ਹਾਂ। ਇਹ ਕੌਮ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ।
ਇਸ ਮੌਕੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਵੀ ਭਾਸ਼ਣ ਦਿੱਤਾ।