ਸਰਾਂ ਨੇ ਕਿਹਾ : ਹੁਣ ਵਿਦੇਸ਼ਾਂ ਵਿਚ ਬੈਠੀ ਸੰਗਤ ਵੀ ਭੇਜ ਸਕੇਗੀ ਦਸਵੰਧ
ਮੋਹਾਲੀ 11 ਸਤੰਬਰ (ਸਤੀਸ਼ ਕੁਮਾਰ ਪੱਪੀ)-ਪਿਛਲੇ ਲੰਬੇ ਸਮੇਂ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਸੰਗਤ ਦੀ ਮੰਗ ਸੀ ਕਿ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਲਈ ਮਾਇਆ ਭੇਜਣ ਦੀ ਪ੍ਰਵਾਨਗੀ ਦਿੱਤੀ ਜਾਵੇ , ਤਾਂ ਜੋ ਉਹ ਵੀ ਆਪਣੀ ਦਸਾਂ ਨੁਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰਾਂ ਅਤੇ ਹੋਰ ਸੇਵਾ ਕਾਰਜਾਂ ਲਈ ਮਾਇਆ ਭੇਜ ਸਕਣ । ਹੁਣ ਜਦੋਂ ਇਸ ਮੰਗ ਨੂੰ ਬੂਰ ਪੈ ਗਿਆ ਹੈ ਤਾਂ ਸਮੁੱਚੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਦੇ ਸੈਕਟਰ 7 ਵਿਖੇ ਹਾਜ਼ਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਅਰੁਣ ਸੂਦ ਅਤੇ ਤੇਜਿੰਦਰ ਸਿੰਘ ਸਰਾਂ ਪ੍ਰਦੇਸ਼ ਸਕੱਤਰ ਭਾਜਪਾ ਚੰਡੀਗੜ੍ਹ ਨੇ ਸਾਂਝੇ ਰੂਪ ਵਿੱਚ ਕੀਤਾ । ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਤੇਜਿੰਦਰ ਸਿੰਘ ਸਰਾਂ ਨੇ ਕਿਹਾ ਕਿ ਵਿਦੇਸ਼ੀ ਸੰਗਤਾਂ ਤੋਂ ਪ੍ਰਾਪਤ ਹੋਈ ਇਸ ਮਾਇਆ ਦੇ ਨਾਲ ਜਿੱਥੇ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਤੇਜ਼ੀ ਆਵੇਗੀ ਉੱਥੇ ਹੀ ਵਿਦੇਸ਼ੀ ਸੰਗਤਾਂ ਵੀ ਵਿਦੇਸ਼ਾਂ ਵਿੱਚ ਬੈਠ ਕੇ ਹੀ ਸਮਾਜ ਭਲਾਈ ਦੇ ਇਨ੍ਹਾਂ ਕਾਰਜਾਂ ਵਿੱਚ ਆਪਣਾ ਯੋਗਦਾਨ ਦੇ ਸਕਣਗੀਆਂ ।
ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਤੇਜਿੰਦਰ ਸਿੰਘ ਸਰਾਂ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਹੁਣ ਪੂਰੇ ਵਿਸ਼ਵ ਭਰ ਵਿੱਚੋਂ ਕਿਤੋਂ ਵੀ ਸ੍ਰੀ ਦਰਬਾਰ ਸਾਹਿਬ ਦੇ ਲਈ ਸੰਗਤਾਂ ਵੱਲੋਂ ਦਸਵੰਧ ਨਿਰਸਵਾਰਥ ਭੇਜਿਆ ਜਾ ਸਕਦਾ ਹੈ ਅਤੇ ਇਹ ਦਸਵੰਧ ਕਿਸੇ ਵੀ ਸਮਾਜ ਭਲਾਈ ਦੇ ਕਾਰਜ ਲਈ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨੇ ਇਸ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਸਿਰਫ ਸਿੱਖਾਂ ਲਈ ਨਹੀਂ ਸਗੋਂ ਹਰ ਮਜ਼ਹਬ ਦੇ ਲੋਕਾਂ ਦੇ ਲਈ ਸ਼ਰਧਾ ਦਾ ਕੇਂਦਰ ਹੈ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਅਲੌਕਿਕ ਰੱਬੀ ਸ਼ਕਤੀ ਹੈ ਜੋ ਸਾਨੂੰ ਸ਼ਕਤੀ ਦਿੰਦੀ ਹੈ । ਇਹ ਐਲਾਨ ਸਪੱਸ਼ਟ ਕਰਦਾ ਹੈ ਕਿ ਮੋਦੀ ਸਰਕਾਰ ਨੇ ਇਸ ਫ਼ੈਸਲੇ ਦੀ ਰਾਹੀਂ ਵਿਦੇਸ਼ੀ ਸੰਗਤਾਂ ਅਤੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ । ਗੁਰਬਾਣੀ ਦੀ ਇੱਕ ਤੁਕ ਦਾ ਹਵਾਲਾ ਦਿੰਦੇ ਹੋਏ ਸ੍ਰੀ ਤੇਜਿੰਦਰ ਸਿੰਘ ਸਰਾਂ ਨੇ ਕਿਹਾ ਕਿ “ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ” – ਤੇ ਵਡਿਆਈ ਗੁਰੂ ਸਾਹਿਬ ਨੇ ਮੋਦੀ ਸਰਕਾਰ ਦੀ ਝੋਲੀ ਪਾਈ ਹੈ । ਇਸ ਫ਼ੈਸਲੇ ਦੇ ਸਵਾਗਤ ਦੌਰਾਨ ਉਨ੍ਹਾਂ ਦੇ ਨਾਲ ਮੋਹਿੰਦਰ ਨਿਰਾਲਾ ਇੰਚਾਰਜ ਆਈ ਟੀ ਵਿੰਗ ਭਾਜਪਾ , ਰਾਮਵੀਰ ਭੱਟੀ ਜਨਰਲ ਸਕੱਤਰ ਭਾਜਪਾ ਚੰਡੀਗੜ੍ਹ , ਅਮਿਤ ਰਾਣਾ ਸੈਕਟਰੀ ਭਾਜਪਾ ਚੰਡੀਗੜ੍ਹ ,ਵਿਜੇ ਰਾਣਾ ਯੁਵਾ ਮੋਰਚਾ ਭਾਜਪਾ ਪ੍ਰਧਾਨ, ਗਗਨਦੀਪ ਸਿੰਘ ਵਿਰਕ , ਹਰਵਿੰਦਰ ਸਿੰਘ ਹੈਰੀ , ਨਰਿੰਦਰ ਸਿੰਘ ਜੱਗ ਵਾਲਾ ਅਤੇ ਨਵਰਾਜ ਸਿੰਘ ਗਰੇਵਾਲ ਹਾਜ਼ਰ ਸਨ ।