ਦਿੱਲੀ ਦੇ ਲਾਲ ਕਿਲ੍ਹੇ ਤੇ ਮਨਾਇਆ ਗਿਆ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ
ਪ੍ਰਧਾਨ ਮੰਤਰੀ ਮੋਦੀ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਕਾ ਅਤੇ ਡਾਕ ਟਿਕਟ ਕੀਤੇ ਜਾਰੀ
ਚੰਡੀਗੜ੍ਹ,22 ਅਪ੍ਰੈਲ(ਵਿਸ਼ਵ ਵਾਰਤਾ)- ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਤੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲਾਲ ਕਿਲ੍ਹੇ ਦੇ ਨੇੜੇ ਗੁਰਦੁਆਰਾ ਸੀਸ ਗੰਜ ਸਾਹਿਬ ਗੁਰੂ ਤੇਗ ਬਹਾਦਰ ਦੀ ਅਮਰ ਕੁਰਬਾਨੀ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ “ਇਹ ਪਵਿੱਤਰ ਗੁਰਦੁਆਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਮਹਾਨ ਸੱਭਿਆਚਾਰ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਕਿੰਨੀ ਮਹਾਨ ਸੀ। ਉਸ ਸਮੇਂ ਦੇਸ਼ ਵਿੱਚ ਧਾਰਮਿਕ ਕੱਟੜਤਾ ਦਾ ਤੂਫ਼ਾਨ ਆਇਆ ਹੋਇਆ ਸੀ। ਭਾਰਤ, ਜੋ ਧਰਮ ਨੂੰ ਦਰਸ਼ਨ, ਵਿਗਿਆਨ ਅਤੇ ਸਵੈ-ਚਿੰਤਨ ਦਾ ਵਿਸ਼ਾ ਮੰਨਦਾ ਹੈ, ਉਨ੍ਹਾਂ ਲੋਕਾਂ ਦਾ ਸਾਹਮਣਾ ਕਰ ਰਿਹਾ ਸੀ ਜਿਨ੍ਹਾਂ ਨੇ ਧਰਮ ਦੇ ਨਾਮ ‘ਤੇ ਹਿੰਸਾ ਅਤੇ ਅੱਤਿਆਚਾਰ ਕੀਤੇ ਸਨ“।
ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ।

























