ਪ੍ਰਧਾਨ ਮੰਤਰੀ ਮੋਦੀ ਦੀ ਅੰਮ੍ਰਿਤਸਰ ਫੇਰੀ ਤੋਂ ਪਹਿਲਾਂ ਐਸਐਫਜੇ ਦੇ ਪਨੂੰ ਦੀ ਧਮਕੀ
ਡੇਰਾ ਮੁਖੀ ਰਾਧਾ ਸੁਆਮੀ ਨੂੰ ਪ੍ਰਧਾਨ ਮੰਤਰੀ ਨੂੰ ਨਾ ਮਿਲਣ ਦੀ ਦਿੱਤੀ ਸਲਾਹ
ਚੰਡੀਗੜ੍ਹ 5 ਨਵੰਬਰ(ਵਿਸ਼ਵ ਵਾਰਤਾ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਅਤੇ ਪੰਜਾਬ ਦੇ ਦੌਰੇ ਤੇ ਹਨ। ਇਸ ਦੌਰਾਨ ਇਹ ਅੰਮ੍ਰਿਤਸਰ ਪਹੁੰਚ ਰਹੇ ਹਨ ਜਿੱਥੇ ਉਹ ਬਿਆਸ ਸਥਿਤ ਰਾਧਾ ਸੁਆਮੀ ਡੇਰੇ ‘ਚ ਪਹੁੰਚਣਗੇ। ਉਹ ਇੱਥੇ ਡੇਰਾ ਮੁਖੀ ਨੂੰ ਮਿਲਣ ਤੋਂ ਬਾਅਦ ਵਾਪਸ ਪਰਤਣਗੇ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਮੁਖੀ ਅਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਡੇਰਾ ਮੁਖੀ ਨੂੰ ਵੀ ਉਨ੍ਹਾਂ ਨੂੰ ਨਾ ਮਿਲਣ ਦੇ ਨਿਰਦੇਸ਼ ਦਿੱਤੇ ਗਏ ਹਨ।ਪੰਨੂ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਪੰਨੂ ਨੇ ਬੀਤੇ ਕੱਲ੍ਹ ਅੰਮ੍ਰਿਤਸਰ ਵਿੱਚ ਹੋਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦਾ ਵੀ ਜ਼ਿਕਰ ਕੀਤਾ ਹੈ। ਪੰਨੂ ਨੇ ਡੇਰਾ ਰਾਧਾ ਸੁਆਮੀ ਮੁਖੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਮਿਲਣ ਲਈ ਕਿਹਾ ਹੈ ਜੇਕਰ ਡੇਰਾ ਮੁਖੀ ਉਨ੍ਹਾਂ ਨਾਲ ਮਿਲਦਾ ਹੈ ਅਤੇ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਡੇਰਾ ਜ਼ਿੰਮੇਵਾਰ ਹੋਵੇਗਾ। ਅੱਤਵਾਦੀ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੱਤੀ ਕਿ ਇਹ ਗੁਜਰਾਤ ਨਹੀਂ, ਪੰਜਾਬ ਹੈ। ਇਸ ਦੌਰਾਨ ਪੰਨੂ ਨੇ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਪਈਆਂ ਵੋਟਾਂ ਤੋਂ ਬਾਅਦ 26 ਜਨਵਰੀ ਤੋਂ ਬਾਅਦ ਭਾਰਤ ਆਉਣ ਦੀ ਗੱਲ ਵੀ ਕਹੀ ਹੈ।