ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵਿਚਾਲੇ ਅੱਜ ਹੋਵੇਗੀ ਅਹਿਮ ਬੈਠਕ
ਨਵੀਂ ਦਿੱਲੀ, 11 ਅਪ੍ਰੈਲ(ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅੱਜ ਦੁਵੱਲੀ ਗੱਲਬਾਤ ਕਰਨ ਜਾ ਰਹੇ ਹਨ। ਦੋਹਾਂ ਦੇਸ਼ਾਂ ਦੇ ਮੁਖੀ ਅੱਜ ਦੁਵੱਲੇ ਸਹਿਯੋਗ ਸਮੇਤ ਦੁਨੀਆਂ ਦੇ ਪ੍ਰਮੁੱਖ ਘਟਨਾਕ੍ਰਮ ‘ਤੇ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਵਰਚੁਅਲ ਮੀਟਿੰਗ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੀ ਵਿਆਪਕ ਵਿਸ਼ਵ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਦੀ ਨਿਯਮਤ ਅਤੇ ਉੱਚ-ਪੱਧਰੀ ਸ਼ਮੂਲੀਅਤ ਦੀ ਨਿਰੰਤਰਤਾ ਨੂੰ ਮਜ਼ਬੂਤ ਕਰੇਗੀ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਿਡੇਨ ਮੀਟਿੰਗ ਦੌਰਾਨ ਦੱਖਣੀ ਏਸ਼ੀਆ ਵਿੱਚ ਹਾਲ ਹੀ ਦੇ ਵਿਕਾਸ, ਹਿੰਦ-ਪ੍ਰਸ਼ਾਂਤ ਅਤੇ ਆਪਸੀ ਹਿੱਤਾਂ ਦੇ ਗਲੋਬਲ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ, ਨਾਲ ਹੀ ਮੌਜੂਦਾ ਦੁਵੱਲੇ ਸਹਿਯੋਗ ਦੀ ਸਮੀਖਿਆ ਕਰਨਗੇ।” ਬਿਆਨ ਵਿੱਚ ਕਿਹਾ ਗਿਆ ਹੈ ਕਿ ਆਨਲਾਈਨ ਮੀਟਿੰਗ ਦੋ-ਪੱਖੀ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੇ ਨਿਯਮਤ ਅਤੇ ਉੱਚ-ਪੱਧਰੀ ਸੰਪਰਕਾਂ ਨੂੰ ਜਾਰੀ ਰੱਖਣ ਵਿੱਚ ਸਮਰੱਥ ਕਰੇਗੀ। ਦੋਹਾਂ ਨੇਤਾਵਾਂ ਵਿਚਾਲੇ ਆਨਲਾਈਨ ਮੁਲਾਕਾਤ ਸੋਮਵਾਰ ਨੂੰ ਵਾਸ਼ਿੰਗਟਨ ‘ਚ ਭਾਰਤ ਅਤੇ ਅਮਰੀਕਾ ਵਿਚਾਲੇ ‘ਟੂ ਪਲੱਸ ਟੂ’ ਮੰਤਰੀ ਪੱਧਰੀ ਵਾਰਤਾ ਦੇ ਚੌਥੇ ਸੈਸ਼ਨ ਤੋਂ ਪਹਿਲਾਂ ਹੋਵੇਗੀ।
ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਯੁੱਧ ਤੋਂ ਬਾਅਦ ਅਮਰੀਕਾ ਲਗਾਤਾਰ ਭਾਰਤ ‘ਤੇ ਸੰਯੁਕਤ ਰਾਸ਼ਟਰ ‘ਚ ਰੂਸ ਦੇ ਖਿਲਾਫ ਵੋਟ ਪਾਉਣ ਅਤੇ ਪੱਛਮੀ ਦੇਸ਼ਾਂ ਵਲੋਂ ਲਗਾਈਆਂ ਜਾ ਰਹੀਆਂ ਆਰਥਿਕ ਪਾਬੰਦੀਆਂ ਦਾ ਸਮਰਥਨ ਕਰਨ ਲਈ ਦਬਾਅ ਬਣਾ ਰਿਹਾ ਹੈ। ਦੂਜੇ ਪਾਸੇ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਤੋਂ ਬਾਅਦ ਰੂਸ ਲਗਾਤਾਰ ਆਪਣੇ ਦੇਸ਼ ਤੋਂ ਤੇਲ ਅਤੇ ਹੋਰ ਸਮਾਨ ਦਰਾਮਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰੂਸ ਨੇ ਭਾਰਤ ਨੂੰ ਸਸਤੀਆਂ ਦਰਾਂ ‘ਤੇ ਤੇਲ ਅਤੇ ਹੋਰ ਸਮਾਨ ਸਪਲਾਈ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ। ਇਸੇ ਕੜੀ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਭਾਰਤ ਆਏ ਸਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਨਿਰਪੱਖ ਨੀਤੀ ਅਪਣਾ ਕੇ ਸ਼ਾਂਤੀ ਦੀ ਅਪੀਲ ਕੀਤੀ ਸੀ। ਭਾਰਤ ਕਿਸੇ ਗਰੁੱਪ ਵਿੱਚ ਨਹੀਂ ਰਹਿਣਾ ਚਾਹੁੰਦਾ। ਇਸੇ ਲਈ ਦੋਵੇਂ ਦੇਸ਼ ਭਾਰਤ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਇਕ ਤਰ੍ਹਾਂ ਨਾਲ ਦੋਵਾਂ ਦੇਸ਼ਾਂ ਦਾ ਭਾਰਤ ‘ਤੇ ਦਬਾਅ ਹੈ।