ਮਾਨਸਾ ਜ਼ਿਲ੍ਹੇ ਤੋਂ ਹੋਵੇਗੀ ਸ਼ੁਰੂਆਤ, ਆਸ਼ਾ ਕੁਮਾਰੀ, ਹਰੀਸ਼ ਚੌਧਰੀ, ਸੁਨੀਲ ਜਾਖੜ ਪੁੱਜਣਗੇ
ਮਾਨਸਾ, 6 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਵੱਲੋਂ ਰਾਜ ਵਿਚ ਪਾਰਟੀ ਵਰਕਰਾਂ ਦੀਆਂ ਤਕਲੀਫਾਂ ਅਤੇ ਭਾਵਨਾਵਾਂ ਨੂੰ ਸੂਬੇ ਦੇ ਵੱਖ—ਵੱਖ ਵਿਧਾਨ ਸਭਾ ਹਲਕਿਆਂ ਵਿਚ ਜਾਕੇ ਸੁਣਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਅਤੇ ਹਰੀਸ਼ ਚੌਧਰੀ ਵੱਲੋਂ ਟਕਸਾਲੀ ਕਾਂਗਰਸੀ ਆਗੂਆਂ ਦੇ ਮਾਮਲਿਆਂ ਨੂੰ ਸੁਣਨ ਦੀ ਸ਼ੁਰੂਆਤ ਮਾਨਸਾ ਤੋਂ ਕੀਤੀ ਜਾ ਰਹੀ ਹੈ। ਉਹ ਮਾਨਸਾ ਵਿਖੇ ਭਲਕੇ 7 ਜੁਲਾਈ ਨੂੰ ਪੁੱਜ ਰਹੇ ਹਨ ਅਤੇ ਬਿਨਾਂ ਕਿਸੇ ਸਿਆਸੀ ਜਲਸੇ ਅਤੇ ਰੈਲੀ ਤੋਂ ਵਰਕਰਾਂ ਦੇ ਛੋਟੇ ਇਕੱਠਾਂ ਦੌਰਾਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਇਕੱਤਰ ਕੀਤਾ ਜਾਣਾ ਹੈ।
ਸਿਆਸੀ ਤੌਰ *ਤੇ ਸਮਝਿਆ ਜਾਂਦਾ ਹੈ ਕਿ ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਰਾਜ ਦੀ ਸੱਤਾਧਾਰੀ ਪਾਰਟੀ ਵੱਲੋਂ ਆਪਣੇ ਆਗੂਆਂ ਦੇ ਵਿਚਾਰਾਂ ਨੂੰ ਸੁਣਕੇ ਉਨ੍ਹਾਂ ਉਪਰ ਪਹਿਰੇਦਾਰੀ ਦਿੱਤੀ ਜਾਵੇ ਤਾਂ ਜੋ ਚੋਣਾਂ ਦੌਰਾਨ ਪਾਰਟੀ ਆਗੂ ਨੰਗੇ ਧੜ ਵਿਰੋਧੀ ਪਾਰਟੀਆਂ ਨਾਲ ਲੜ ਸਕਣ।
ਦਿਲਚਸਪ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿਚੋਂ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਆਪਣਾ ਕੋਈ ਵੀ ਉਮੀਦਵਾਰ ਜਿਤਾ ਨਹੀਂ ਸਕੀ ਸੀ ਅਤੇ ਇਥੇ ਪਾਰਟੀ ਕਿਸੇ ਕੰਮਜੋਰੀ ਕਾਰਨ ਨਹੀਂ, ਸਗੋਂ ਆਪਸੀ ਪਾਟੋ—ਧਾੜ ਅਤੇ ਇਕ ਦੂਜੇ ਨੂੰ ਠਿੱਬੀ ਲਾਉਣ ਦੇ ਇਰਾਦੇ ਵੱਜੋ ਆਪਣੇ ਹੀ ਉਮੀਦਵਾਰਾਂ ਨੂੰ ਹਰਾ ਲਿਆ ਗਿਆ ਸੀ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਦੱਸਿਆ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ 7 ਜੁਲਾਈ ਨੂੰ ਮਾਨਸਾ ਵਿਧਾਨ ਸਭਾ ਹਲਕੇ ਅਤੇ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਪਾਰਟੀ ਵਰਕਰਾਂ ਨੂੰ ਬਕਾਇਦਾ ਰੂਪ *ਚ ਮਿਲਣ ਅਤੇ ਉਨ੍ਹਾਂ ਦੀਆਂ ਦੁੱਖ—ਤਕਲੀਫਾਂ ਸੁਣਨ ਵਾਸਤੇ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੀਟਿੰਗਾਂ ਉਲੀਕਣ ਲਈ ਪਾਰਟੀ ਵਰਕਰਾਂ ਦੀ ਅੱਜ ਇਕ ਮੀਟਿੰਗ ਮਾਨਸਾ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਆਸ਼ਾ ਕੁਮਾਰੀ ਸਮੇਤ ਹੋਰ ਆਗੂਆਂ ਨੂੰ ਵਰਕਰਾਂ ਦੀਆਂ ਤਕਲੀਫਾਂ ਮਾਨਸਾ, ਭੀਖੀ, ਬੁਢਲਾਡਾ ਅਤੇ ਬਰੇਟਾ ਵਿਖੇ ਬਕਾਇਦਾ ਸੁਣਾਈਆਂ ਜਾਣਗੀਆਂ।
ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨੇ ਮੀਟਿੰਗਾਂ ਵਿਚ ਕੇਂਦਰੀ ਨੇਤਾਵਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਇਕ—ਦੂਜੇ ਨੂੰ ਠਿੱਬੀ ਲਾਉਣ ਅਤੇ ਲੱਤਾਂ ਖਿੱਚਣ ਵਾਲਿਆਂ ਦੀਆਂ ਅਸਲੀਅਤਾਂ ਤੋਂ ਤੱਥਾਂ ਸਹਿਤ ਜਾਣੂ ਕਰਵਾਇਆ ਜਾਵੇਗਾ।
ਇਕ ਆਗੂ ਨੇ ਦੱਸਿਆ ਕਿ ਪਾਰਟੀ ਵੱਲੋਂ ਟਿਕਟ ਹਾਸਲ ਕਰਨ ਲਈ ਹਰ ਇੱਕ ਦਾ ਹੱਕ ਹੈ, ਪਰ ਟਿਕਟਾਂ ਦੀ ਪ੍ਰਾਪਤੀ ਤੋਂ ਬਾਅਦ ਪਾਰਟੀ ਉਮੀਦਵਾਰ ਨੂੰ ਹਰਾਉਣ ਲਈ ਜੋਰ ਲਾਉਣ ਵਾਲੇ ਆਗੂਆਂ ਨੂੰ ਪਾਰਟੀ ਵਿਚ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਐਸੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਬਕਾਇਦਾ ਮੰਗ ਕੀਤੀ ਜਾਵੇਗੀ।
ਮਾਨਸਾ ਹਲਕੇ ਦੇ ਸੇਵਾਦਾਰ ਸ੍ਰੀਮਤੀ ਮੰਜੂ ਬਾਂਸਲ ਨੇ ਕਿਹਾ ਕਿ ਕੌਮੀ ਨੇਤਾਵਾਂ ਵੱਲੋਂ ਮੀਟਿੰਗਾਂ ਵਿਚ, ਜੋ ਡਿਊਟੀ ਲਾਈ ਜਾਵੇਗੀ, ਉਸ ਨੂੰ ਗੰਭੀਰਤਾ ਨਾਲ ਸਿਰੇ ਚੜਾਇਆ ਜਾਵੇਗਾ ਅਤੇ ਵਰਕਰਾਂ ਦੀ ਸਲਾਹ ਨਾਲ ਹਰ ਮਸਲੇ ਨੂੰ ਪਾਰਟੀ ਹਿੱਤਾਂ ਲਈ ਪੇਸ਼ ਕੀਤਾ ਜਾਵੇਗਾ।
ਇਸ ਮੌਕੇ ਡਾ. ਮੰਜੂ ਬਾਲਾ, ਗੁਰਪ੍ਰੀਤ ਕੌਰ ਗਾਗੋਵਾਲ, ਬਲਵਿੰਦਰ ਨਾਰੰਗ, ਜਸਵੰਤ ਸਿੰਘ ਫਫੜੇ, ਮਨਜੀਤ ਰਾਣਾ, ਸੁਖਦਰਸ਼ਨ ਖਾਰਾ, ਮਾਈਕਲ ਗਾਗੋਵਾਲ, ਰਣਜੀਤ ਕੌਰ ਭੱਟੀ ਨੇ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਆਸ਼ਾ ਕੁਮਾਰੀ ਦੇ ਆਉਣ ਤੋਂ ਪਹਿਲਾਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਰੱਖੀ ਮੀਟਿੰਗ ਨੂੰ ਮਾਨਸਾ ਵਿਖੇ ਸੰਬੋਧਨ ਕਰਦੇ ਜਸਵੰਤ ਸਿੰਘ ਫਫੜੇ।