ਜ਼ਿਲੇ ਭਰ ‘ਚ 1 ਤੋਂ 30 ਸਤੰਬਰ ਤੱਕ ਕਰਵਾਈਆਂ ਜਾਣਗੀਆਂ ਪੌਸ਼ਨ ਮਾਂਹ ਤਹਿਤ ਗਤੀਵਿਧੀਆਂ

*ਕਪੂਰਥਲਾ 6 ਸਤੰਬਰ( ਵਿਸ਼ਵ ਵਾਰਤਾ)- :* ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਕਪੂਰਥਲਾ ਵੱਲੋਂ ਪੌਸ਼ਣ ਮਾਂਹ 1 ਸਤੰਬਰ ਤੋ 30 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਸੰਤੁਲਿਤ ਖੁਰਾਕ ਹੀ ਸਾਡੀ ਸਿਹਤ ਦਾ ਮੁੱਖ ਆਧਾਰ ਹੈ,ਜਿਸ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਉਮਰ ਦੇ ਹਿਸਾਬ ਨਾਲ ਆਪਣੀ ਖੁਰਾਕ ਵਿੱਚ ਢੁੱਕਵੀਂ ਮਾਤਰਾ ‘ਚ ਪ੍ਰੋਟੀਨ, ਕਾਰਬੋਹਾਈਡਰੇਟਸ, ਫੈਟਸ, ਵਿਟਾਮਿਨ ਅਤੇ ਖਣਿਜ ਪਦਾਰਥ ਸ਼ਾਮਲ ਕਰਨੇ ਚਾਹੀਦੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਬੇਸ਼ੱਕ ਹਰ ਵਿਅਕਤੀਆਂ ਲਈ ਸੰਤੁਲਿਤ ਖੁਰਾਕ ਜ਼ਰੂਰੀ ਹੈ, ਪ੍ਰੰਤੂ ਗਰਭਵਤੀ ਔਰਤਾਂ ਦੁੱਧ ਚੁਘਾਉਂਦੀਆਂ ਮਾਵਾਂ, ਛੋਟੀਆਂ ਬੱਚੀਆਂ ਅਤੇ ਕਿਸ਼ੋਰ ਅਵਸਥਾ ਵਾਲੇ ਲੜਕੇ ਲੜਕੀਆਂ ਲਈ ਉਚਿਤ ਖੁਰਾਕ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਕਿਸ਼ੋਰਾਂ ਲਈ ਢੁੱਕਵੀਂ ਖੁਰਾਕ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਕਿਸ਼ੋਰ ਕੁੜੀਆਂ ਪ੍ਰੋਟੀਨ,ਵਿਟਾਮਿਨ ਅਤੇ ਆਇਰਨ ਭਰਪੂਰ ਵੱਖ-ਵੱਖ ਤਰ੍ਹਾਂ ਦੀ ਖੁਰਾਕ ਲੈਣ। ਇਸ ਨਾਲ ਮਹਾਂਮਾਰੀ ਦੌਰਾਨ ਹੋਈ ਆਇਰਨ ਦੀ ਕਮੀ ਦੀ ਭਰਪਾਈ ਹੋਵੇਗੀ । ਉਨ੍ਹਾਂ ਨੂੰ ਆਪਣੀ ਪੂਰੀ ਸਮਰੱਥਾ ਹਾਸਲ ਹੋਵੇਗੀ, ਉਨ੍ਹਾਂ ਕਿਹਾ ਕਿ ਪੌਸ਼ਟਿਕ ਭਰਪੂਰ ਦੁੱਧ ,ਤੇਲ, ਆਇਓਡੀਨ ਯੁਕਤ ਨਮਕ, ਕਿਸ਼ੋਰਾਂ ਲਈ ਲਾਹੇਵੰਦ ਹੁੰਦਾ ਹੈ । ਹਫ਼ਤੇ ਵਿੱਚ ਇੱਕ ਵਾਰੀ ਆਇਰਨ ਦੀ ਗੋਲੀ ਅਤੇ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਛੇ ਮਹੀਨਿਆਂ ਪਿੱਛੋਂ ਅਲਬੈਂਡਾਜ਼ੋਲ ਦੀ ਇੱਕ ਗੋਲੀ ਵੀ ਕਿਸ਼ੋਰਾਂ ਲਈ ਜ਼ਰੂਰੀ ਹੈ,ਅਖੀਰ ਵਿੱਚ ਡਾ. ਗੁਰਿੰਦਰਬੀਰ ਕੌਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਆਸ਼ਾ ਵਰਕਰਾਂ, ਆਸ਼ਾ ਫੈਸਿਲੀਟੇਟਰਾਂ, ਆਂਗਨਵਾੜੀ ਵਰਕਰਾਂ ਅਤੇ ਸਕੂਲ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ।























