ਪੇਂਡੂ ਖੇਤ ਮਜ਼ਦੂਰ ਆਗੂਆਂ ਦੇ ਘਰੀਂ ਛਾਪੇਮਾਰੀ ਦੀ ਭਾਕਿਯੂ ਏਕਤਾ-ਉਗਰਾਹਾਂ ਵੱਲੋਂ ਸਖ਼ਤ ਨਿਖੇਧੀ
ਚੰਡੀਗੜ੍ਹ, 24 ਜਨਵਰੀ (ਵਿਸ਼ਵ ਵਾਰਤਾ ) ਆਪ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੇ ਘਰੀਂ ਪੁਲਿਸ ਵੱਲੋਂ ਛਾਪੇਮਾਰੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।ਇਸ ਸੰਬੰਧੀ ਅੱਜ ਇੱਥੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਮਾਨ ਸਰਕਾਰ ਵੀ ਪਹਿਲੀਆਂ ਕਿਸਾਨ ਮਜ਼ਦੂਰ ਵਿਰੋਧੀ ਸਰਕਾਰਾਂ ਵਾਂਗ ਹੀ ਪੁਲਿਸ ਦੇ ਜ਼ੋਰ ਮਜ਼ਦੂਰਾਂ ਦੀ ਹੱਕੀ ਆਵਾਜ਼ ਨੂੰ ਕੁਚਲਣਾ ਚਾਹੁੰਦੀ ਹੈ। ਪਹਿਲਾਂ ਤਾਂ ਤਿੰਨ ਵਾਰ ਸਮਾਂ ਤਹਿ ਕਰਕੇ ਮੁੱਖ ਮੰਤਰੀ ਖੁਦ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਤੋਂ ਭੱਜਦੇ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਬਠਿੰਡਾ ਆਮਦ ਮੌਕੇ ਜਨਤਕ ਵਿਰੋਧ ਕਰਨ ਦੇ ਜਮਹੂਰੀ ਹੱਕ ਨੂੰ ਵੀ ਕੁਚਲਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਧੱਕੇਸ਼ਾਹੀ ਵਿਰੁੱਧ ਰੋਸ ਐਕਸ਼ਨ ਵਿੱਚ ਜਥੇਬੰਦੀ ਵੱਲੋਂ ਮਜ਼ਦੂਰਾਂ ਦਾ ਸਾਥ ਦਿੱਤਾ ਜਾਵੇਗਾ।