– ਕਾਗਜ ਪੂਰੇ ਹੋਣ ਦੇ ਬਾਵਜੂਦ ਧੱਕੇ ਨਾਲ ਕੀਤਾ ਪਰਚਾ
ਹੁਸ਼ਿਆਰਪੁਰ, 05 ਸਤਬੰਰ (ਵਿਸ਼ਵ ਵਾਰਤਾ)- ਇਕ ਪਾਸੇ ਕੋਰੋਨਾ ਦੇ ਚਲਦਿਆਂ ਕੰਮ ਕਾਜ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਕਰਨ ਲਈ ਲੋਕ ਪਰੇਸ਼ਾਨ ਹਨ ਦੂਸਰੇ ਪਾਸੇ ਪੁਲਿਸ ਵਲੋਂ ਲੋਕਾਂ ’ਤੇ ਧੱਕੇ ਨਾਲ ਪਰਚੇ ਕਰਨ ਅਤੇ ਚਲਾਨ ਕੱਟ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸੇ ਤਰਾਂ ਦਾ ਇਕ ਮਾਮਲਾ ਸਾਹਮਣੇ ਆਇਆ ਜਦੋਂ ਇਕ ਹੁਸ਼ਿਆਰਪੁਰ ਦੇ ਮਨਪ੍ਰੀਤ ਸਿੰਘ ਨੇ ਪਰਿਵਾਰ ਸਮੇਤ ਨਿਜੀ ਹੋਟਲ ਵਿਚ ਪ੍ਰੈਸ ਕਾਨਫ੍ਰੈਂਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਵਲੋਂ ਧੱਕੇ ਨਾਲ ਨਜ਼ਾਇਜ਼ ਪਰਚਾ ਕਰਨ ਅਤੇ ਪਰਚਾ ਨਾ ਕਰਨ ਲਈ ਪੈਸਿਆਂ ਦੀ ਮੰਗ ਕਰਨ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਉਹ ਨਿਊ ਸ਼ਾਂਤੀ ਨਗਰ ਅਸਲਾਮਾਬਾਦ ਚੰਡੀਗੜ ਰੋਡ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਉਹ ਇਕ ਦੁਕਾਨ ਕਰਦਾ ਹੈ ਅਤੇ ਬਕਾਇਦਾ ਉਨਾਂ ਨੇ ਦੁਕਾਨ ਦੇ ਨਾਮ ’ਤੇ ਜੀਐਸਟੀ ਨੰਬਰ ਲਿਆ ਹੋਇਆ ਹੈ। ਉਸਦਾ ਰੇਤਾ ਮਿੱਟੀ ਆਦਿ ਸਪਲਾਈ ਦਾ ਕਾਰੋਬਾਰ ਹੈ। ਉਹ ਟਿਪਰਾਂ ਰਾਹੀਂ ਰੇਤਾ ਹਿਮਾਚਲ ਤੋਂ ਮੰਗਵਾ ਕੇ ਮਹਿਲਾਂਵਾਲੀ ਡੰਪ ਤੇ ਸੁਟਵਾ ਕੇ ਅੱਗੇ ਸਪਲਾਈ ਕਰਦਾ ਹੈ। ਉਨਾਂ ਨੇ ਪੁਲਿਸ ਵਲੋਂ ਨਜ਼ਾਇਤ ਤੌਰ ’ਤੇ ਪਰਚੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਅਗਸਤ ਨੂੰ ਉਨਾਂ ਦਾ ਡਰਾਈਵਰ ਟਰੈਕਟਰ ਨੰਬਰ ਪੀ.ਬੀ.07.ਏ.ਐਲ.2373 ਲੈ ਕੇ ਅਲਾਹਾਬਾਦ, ਹੁਸ਼ਿਆਰਪੁਰ ਦੇ ਨਜ਼ਦੀਕ ਪਹੁੰਚਿਆ ਤਾਂ ਬਲਵਿੰਦਰ ਸਿੰਘ ਏ.ਐਸ.ਆਈ ਸਪੈਸ਼ਲ ਬ੍ਰਾਂਚ ਨੇ ਉਥੇ ਨਾਕਾ ਲਾਇਆ ਹੋਇਆ ਸੀ, ਨੇ ਟਰੈਕਟਰ ਟਰਾਲੀ ਰੋਕ ਲਈ ਅਤੇ ਡਰਾਈਵਰ ਕੋਲੋ ਸਾਰੇ ਕਾਗਜ ਤੇ ਰੇਤਾ ਦੀ ਪਰਚੀ ਹੋਣ ਦੇ ਬਾਵਜੂਦ ਉਸਨੂੰ ਡਰਾਇਆ ਧਮਕਾਇਆ ਅਤੇ ਉਸ ਤੋਂ ਪਰਚੀ ਤੇ ਬਿਲ ਲੈ ਕੇ ਆਪਣੀ ਜੇਬ ਵਿਚ ਪਾ ਲਏ ਅਤੇ ਉਨਾਂ ਨੂੰ ਮੌਕੇ ’ਤੇ ਬੁਲਾ ਕੇ ਪਹਿਲਾਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਜਦੋਂ ਉਨਾਂ ਇਨਕਾਰ ਕੀਤਾ ਤਾਂ ਮਾਮਲਾ ਦਰਜ਼ ਕਰਨ ਦੀਆਂ ਧਮਕੀਆਂ ਦੇਣ ਲਗ ਪਿਆ। ਬਾਅਦ ਵਿਚ ਟਰੈਕਟਰ ਤੇ ਟਰਾਲੀ ਥਾਣਾ ਸਦਰ ਲੈ ਗਏ ਅਤੇ ਥਾਣੇ ਜਾਣ ’ਤੇ ਉਪਰੋਕਤ ਬਲਵਿੰਦਰ ਸਿੰਘ ਅਤੇ ਐਸ.ਐਚ.ਓ. ਤਲਵਿੰਦਰ ਕੁਮਾਰ ਨੇ ਉਨਾਂ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਇਨਕਾਰ ਕਰਨ ਤੇ ਧੱਕੇ ਮਾਰ ਕੇ ਥਾਣੇ ਤੋਂ ਬਾਹਰ ਕੱਢ ਦਿੱਤਾ ਅਤੇ ਧਮਕੀਆਂ ਦਿਤੀਆਂ । ਉਨਾਂ ਦੱਸਿਆ ਕਿ ਪਹਿਲਾਂ ਵੀ ਜਦੋਂ ਉਨਾਂ ’ਤੇ ਪੁਲਿਸ ਵਲੋਂ ਨਜ਼ਾਇਜ ਮਾਮਲੇ ਦਰਜ ਕੀਤੇ ਗਏ ਸਨ ਤਾਂ ਉਸ ਵੇਲੇ ਵੀ ਕੋਈ ਸੁਣਵਾਈ ਨਹੀਂ ਹੋਈ ਸੀ। ਉਨਾਂ ਦੋਸ਼ ਲਾਇਆ ਕਿ ਪੁਲਿਸ ਅਧਿਕਾਰੀਆਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਡਰਾਈਵਰ ਤੇ ਨਜ਼ਾਇਜ ਮਾਮਲਾ ਦਰਜ ਕੀਤਾ ਹੈ। ਉਨਾਂ ਪ੍ਰੈਸ ਕਾਨਫ੍ਰੈਂਸ ਵਿਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਵਲੋਂ ਇਸੇ ਤਰਾਂ ਉਨਾਂ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਉਹ ਆਪਣੇ ਦੋਵੇਂ ਬੱਚਿਆਂ ਸਮੇਤ ਥਾਣੇ ਅੱਗੇ ਆਤਮਹੱਤਿਆ ਕਰ ਲੈਣਗੇ ਜਿਸਦੇ ਲਈ ਇਹ ਅਧਿਕਾਰੀ ਤੇ ਪੁਲਿਸ ਪ੍ਰਸ਼ਾਸਨ ਜਿਮੇਵਾਰ ਹੋਵੇਗਾ।
ਕੀ ਕਹਿਣਾ ਹੈ ਏ.ਐਸ.ਆਈ. ਬਲਵਿੰਦਰ ਸਿੰਘ ਸਪੈਸ਼ਲ ਬ੍ਰਾਂਚ ਦਾ
ਇਸ ਸੰਬੰਧੀ ਜਦੋਂ ਏ.ਐਸ.ਆਈ. ਬਲਵਿੰਦਰ ਸਿੰਘ ਸਪੈਸ਼ਲ ਬ੍ਰਾਂਚ ਨਾਲ ਸੰਪਰਕ ਕੀਤਾ ਗਿਆ ਅਤੇ ਉਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਕਿਹਾ ਕਿ ਇਹ ਜੋ ਦੋਸ਼ ਲਗਾ ਰਹੇ ਹਨ , ਝੂਠੇ ਹਨ । ਉਹ ਇਨਾਂ ਲੋਕਾਂ ਨੂੰ ਜਾਣਦੇ ਤੱਕ ਨਹੀਂ ਹਨ।
ਕੀ ਕਹਿਣਾ ਹੈ ਐਸ.ਐਚ.ਓ. ਤਲਵਿੰਦਰ ਕੁਮਾਰ ਥਾਣਾ ਸਦਰ ਦਾ
ਇਸ ਸੰਬੰਧੀ ਜਦੋਂ ਐਸ.ਐਚ.ਓ ਤਲਵਿੰਦਰ ਕੁਮਾਰ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਰਿਸ਼ਵਤ ਲੈਣ ਜਾਂ ਮੰਗਣ ਦੀ ਗੱਲ ਤਾਂ ਦੂਰ ਦੀ ਹੈ, ਇਹ ਤਾਂ ਮੇਰੇ ਕਦੇ ਮੱਥੇ ਵੀ ਨਹੀਂ ਲਗੇ ਅਤੇ ਉਸਨੇ ਕਿਹਾ ਕਿ ਇਸ ਸੰਬੰਧੀ ਪਹਿਲਾਂ ਹੀ ਐਸ.ਪੀ.ਡੀ. ਸਾਹਿਬ ਕਰ ਰਹੇ ਹਨ ਅਤੇ ਇਹ ਬੰਦੇ ਬਿਲਕੁਲ ਗਲਤ ਹਨ ਅਤੇ ਇਨਾਂ ਦੇ ਕੋਲ ਕੋਈ ਵੀ ਕਿਸੇ ਵੀ ਤਰਾਂ ਦਾ ਕਾਗਜ ਨਹੀਂ ਹੈ। ਮੇਰੇ ਤੇ ਲਾਏ ਗਏ ਦੋਸ਼ ਬਿਲਕੁਲ ਗਲਤ ਹਨ।