
ਲੁਧਿਆਣਾ 3 ਮਾਰਚ ( ਵਿਸ਼ਵ ਵਾਰਤਾ )-ਪੀ.ਏ.ਯੂ. ਵੱਲੋਂ ਵਿਕਸਿਤ ਅਤੇ ਸਿਫ਼ਾਰਸ਼ ਕੀਤੀਆਂ 13 ਨਵੀਆਂ ਕਿਸਮਾਂ ਨੂੰ ਰਾਜ ਕਿਸਮ ਪ੍ਰਵਾਨਗੀ ਕਮੇਟੀ ਦੀ ਨਿਰਦੇਸ਼ਕ ਖੇਤੀਬਾੜੀ ਡਾ. ਸੁਖਦੇਵ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੱਲੋਂ ਆਮ ਬਿਜਾਈ ਲਈ ਪ੍ਰਵਾਨ ਕਰ ਲਿਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਬੀਤੇ ਦਿਨੀਂ ਇਹਨਾਂ ਕਿਸਮਾਂ ਦੀ ਸਿਫਾਰਸ਼ ਖੋਜ ਅਤੇ ਪਸਾਰ ਮਾਹਿਰਾਂ ਦੀ ਗੋਸ਼ਟੀ ਦੌਰਾਨ ਕੀਤੀ ਗਈ ਸੀ । ਇਹਨਾਂ ਕਿਸਮਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਣ ਉਪਰੰਤ ਇਹਨਾਂ ਨੂੰ ਕਾਸ਼ਤ ਲਈ ਢੁੱਕਵੀਆਂ ਮੰਨਦਿਆਂ ਕਮੇਟੀ ਨੇ ਪ੍ਰਵਾਨ ਕੀਤਾ ਹੈ । ਇਹਨਾਂ ਕਿਸਮਾਂ ਵਿੱਚ ਕਣਕ ਦੀਆਂ ਕਿਸਮਾਂ ਸੁਨਹਿਰੀ (ਪੀ ਬੀ ਡਬਲਯੂ-766, ਪੀ ਬੀ ਡਬਲਯੂ-771, ਪੀ ਬੀ ਡਬਲਯੂ-757, ਪੀ ਬੀ ਡਬਲਯੂ-1 ਚਪਾਤੀ ਅਤੇ ਗੰਨੇ ਦੀਆਂ ਅਗੇਤੀ ਬਿਜਾਈ ਵਾਲੀਆਂ ਕਿਸਮਾਂ ਸੀ ਓ ਪੀ ਬੀ-95, ਸੀ ਓ ਪੀ ਬੀ-96, ਸੀ ਓ-15023 ਅਤੇ ਦਰਮਿਆਨੀ ਪਿਛੇਤ ਵਾਲੀਆਂ ਸੀ ਓ ਪੀ ਬੀ-98 ਕਿਸਮਾਂ ਪ੍ਰਮੁੱਖ ਹਨ । ਇਸ ਤੋਂ ਇਲਾਵਾ ਮੱਕੀ ਦੀਆਂ ਕਿਸਮਾਂ ਪੀ ਐੱਮ ਐੱਚ-13, ਜੇ ਸੀ-4 ਅਤੇ ਏ ਡੀ ਵੀ-9293 ਅਤੇ ਬਾਸਮਤੀ ਦੀ ਕਿਸਮ ਪੰਜਾਬ ਬਾਸਮਤੀ-7 ਦੇ ਨਾਲ-ਨਾਲ ਸਾਉਣੀ ਰੁੱਤ ਦੀ ਮੂੰਗੀ ਦੀ ਕਿਸਮ ਐੱਮ ਐੱਲ-1808 ਵੀ ਪ੍ਰਵਾਨ ਕੀਤੀਆਂ ਗਈਆਂ । ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਾ. ਬੈਂਸ ਨੇ ਦੱਸਿਆ ਕਿ ਇਹਨਾਂ ਵਿੱਚੋਂ ਕਣਕ ਦੀ ਕਿਸਮ ਸੁਨਹਿਰੀ ਪੀ ਬੀ ਡਬਯਲੂ-766 ਸੇਂਜੂ ਹਾਲਤਾਂ ਵਿੱਚ ਸਮੇਂ ਸਿਰ ਬਿਜਾਈ ਲਈ ਪੰਜਾਬ ਵਿੱਚ ਤਜ਼ਵੀਜ਼ ਕੀਤੀ ਗਈ ਹੈ । ਇਹ ਲਗਭਗ 155 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਇਸ ਦੇ ਪੌਦੇ ਔਸਤਨ 106 ਸੈਂਟੀਮੀਟਰ ਕੱਦ ਕਰਦੇ ਹਨ । ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰਥਾ ਵਾਲੀ ਇਹ ਕਿਸਮ ਪ੍ਰਤੀ ਏਕੜ ਔਸਤਨ 23.1 ਕੁਇੰਟਲ ਝਾੜ ਦੇ ਸਕਦੀ ਹੈ ।
ਇਸੇ ਤਰਾਂ ਬਰੈੱਡ ਵੀਟ ਕਿਸਮ ਪੀ ਬੀ ਡਬਯਲੂ-771 ਨੂੰ ਸੇਂਜੂ ਹਾਲਤਾਂ ਵਿੱਚ ਪਿਛੇਤੀ ਬਿਜਾਈ ਲਈ ਸਿਫਾਰਸ਼ ਕੀਤਾ ਗਿਆ ਹੈ । ਇਸਦੇ ਪੌਦੇ ਔਸਤਨ 80 ਸੈਂਟੀਮੀਟਰ ਤੱਕ ਕੱਦ ਕਰਦੇ ਹਨ ਅਤੇ ਇਹ ਕਿਸਮ 133 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰਥਾ ਇਸ ਕਿਸਮ ਦੀ ਵਿਸ਼ੇਸ਼ਤਾ ਹੈ । ਰਾਸ਼ਟਰੀ ਪੱਧਰ ਤੇ ਦਰਜ ਕੀਤੀ ਗਈ ਇਸ ਕਿਸਮ ਦਾ ਔਸਤਨ ਝਾੜ 19 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ ।
ਬਰੈੱਡ ਵੀਟ ਕਿਸਮ ਪੀ ਬੀ ਡਬਲਯੂ-757 ਨੂੰ ਪੰਜਾਬ ਰਾਜ ਵਿੱਚ ਬਹੁਤ ਪਿਛੇਤੀ (ਜਨਵਰੀ) ਬਿਜਾਈ ਲਈ ਸੇਂਜੂ ਹਾਲਤਾਂ ਵਿੱਚ ਸਿਫ਼ਾਰਸ਼ ਕੀਤਾ ਹੈ । ਇਹ ਕਿਸਮ ਮਟਰ, ਆਲੂ, ਗੰਨਾ, ਹਲਦੀ ਤੋਂ ਬਾਅਦ ਬਦਲ ਕੇ ਬਿਜਾਈ ਲਈ ਢੁੱਕਵੀਂ ਹੈ । ਇਸਦੇ ਪੌਦਿਆਂ ਦਾ ਕੱਦ ਔਸਤਨ 42 ਸੈਂਟੀਮੀਟਰ ਤੱਕ ਹੁੰਦਾ ਹੈ ਅਤੇ 114 ਦਿਨਾਂ ਵਿੱਚ ਇਹ ਕਿਸਮ ਪੱਕ ਕੇ ਤਿਆਰ ਹੋ ਜਾਂਦੀ ਹੈ । ਪੀਲੀ ਅਤੇ ਭੂਰੀ ਕੁੰਗੀ ਪ੍ਰਤੀ ਸਹਿਣਸ਼ੀਲ ਇਸ ਕਿਸਮ ਦਾ ਔਸਤ ਝਾੜ 15.8 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ ।
ਪੀ ਬੀ ਡਬਲਯੂ-1 ਚਪਾਤੀ ਕਿਸਮ ਰੋਟੀ ਲਈ ਬੇਹੱਦ ਢੁੱਕਵੀਂ ਕਿਸਮ ਵਜੋਂ ਸਿਫਾਰਸ਼ ਕੀਤੀ ਗਈ ਹੈ । ਸਮੇਂ ਸਿਰ ਬਿਜਾਈ ਲਈ ਇਸਦੀ ਤਜਵੀਜ਼ ਕਰਦਿਆਂ ਇਸਦੇ ਪੌਦਿਆਂ ਦਾ ਔਸਤ ਕੱਦ 103 ਸੈਂਟੀਮੀਟਰ ਦੱਸਿਆ ਗਿਆ ਹੈ । ਇਹ ਕਿਸਮ 154 ਦਿਨਾਂ ਵਿੱਚ ਪੱਕ ਤਿਆਰ ਹੁੰਦੀ ਹੈ । ਪੀਲੀ ਅਤੇ ਭੂਰੀ ਕੁੰਗੀ ਦਾ ਸਾਹਮਣਾ ਕਰਨ ਯੋਗ ਇਸ ਕਿਸਮ ਦਾ ਪ੍ਰਤੀ ਏਕੜ ਔਸਤਨ ਝਾੜ 17.2 ਕੁਇੰਟਲ ਹੈ ।
ਡਾ. ਬੈਂਸ ਨੇ ਦੱਸਿਆ ਕਿ ਗੰਨੇ ਦੀ ਕਿਸਮ ਸੀ ਓ ਪੀ ਬੀ-95 ਅਗੇਤੀ ਪੱਕਣ ਵਾਲੀ ਕਿਸਮ ਹੈ ਜਿਸ ਵਿੱਚ ਨਵੰਬਰ ਅਤੇ ਦਸੰਬਰ ਦੇ ਮਹੀਨੇ ਦੌਰਾਨ ਰਸ ਅਤੇ ਮਿੱਠੇ ਦੀ ਮਾਤਰਾ 16-17 ਪ੍ਰਤੀਸ਼ਤ ਹੋ ਜਾਂਦੀ ਹੈ । ਇਹ ਕਿਸਮ ਰੱਤਾ ਰੋਗ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ ਅਤੇ ਇਸ ਉੱਪਰ ਆਗ ਦੇ ਗੜੂੰਏ ਦਾ ਹਮਲਾ ਘੱਟ ਹੁੰਦਾ ਹੈ । ਇਸ ਕਿਸਮ ਦਾ ਔਸਤ ਝਾੜ 425 ਕੁਇੰਟਲ ਪ੍ਰਤੀ ਏਕੜ ਹੈ । ਸੀ ਓ ਪੀ ਬੀ-96 ਅਗੇਤੀ ਪੱਕਣ ਵਾਲੀ ਕਿਸਮ ਹੈ ਜੋ ਦਸੰਬਰ ਤੱਕ 18 ਪ੍ਰਤੀਸ਼ਤ ਮਿੱਠੇ ਦੀ ਮਾਤਰਾ ਨਾਲ ਭਰਪੂਰ ਹੋ ਜਾਂਦੀ ਹੈ । ਇਹ ਕਿਸਮ ਗੁੜ ਬਨਾਉਣ ਲਈ ਬਹੁਤ ਚੰਗੀ ਹੈ ਅਤੇ ਇਸਦਾ ਝਾੜ 382 ਕੁਇੰਟਲ ਪ੍ਰਤੀ ਏਕੜ ਹੈ । ਸੀ ਓ-15023 ਵੀ ਅਗੇਤੀ ਪੱਕਣ ਵਾਲੀ ਕਿਸਮ ਹੈ ਜੋ ਰੱਤਾ ਰੋਗ ਦੀਆਂ ਪ੍ਰਚੱਲਿਤ ਪ੍ਰਜਾਤੀਆਂ ਦਾ ਟਾਕਰਾ ਕਰਦੀ ਹੈ । ਇਸਦਾ ਔਸਤ ਝਾੜ 310 ਕੁਇੰਟਲ ਪ੍ਰਤੀ ਏਕੜ ਹੈ । ਸੀ ਓ ਪੀ ਬੀ-98 ਦਰਮਿਆਨੀ ਪੱਕਣ ਵਾਲੀ ਕਿਸਮ ਹੈ ਜਿਸ ਵਿੱਚ ਜਨਵਰੀ-ਮਾਰਚ ਮਹੀਨੇ ਦੌਰਾਨ ਮਿੱਠੇ ਦੀ ਮਾਤਰਾ 17-19 ਪ੍ਰਤੀਸ਼ਤ ਤੱਕ ਹੋ ਜਾਂਦੀ ਹੈ । ਇਸਦਾ ਔਸਤ ਝਾੜ 400 ਕੁਇੰਟਲ ਪ੍ਰਤੀ ਏਕੜ ਹੈ ।
ਡਾ. ਬੈਂਸ ਨੇ ਦੱਸਿਆ ਕਿ ਮੱਕੀ ਦੀਆਂ ਕਿਸਮਾਂ ਵਿੱਚ ਪੀ ਐੱਮ ਐੱਚ-13 ਇੱਕ ਇਕਹਿਰੇ ਮੇਲ ਦੀ ਦੋਗਲੀ ਕਿਸਮ ਹੈ । ਇਸ ਨੂੰ ਸਾਉਣੀ ਰੁੱਤ ਵਿੱਚ ਕਾਸ਼ਤ ਲਈ ਸਿਫਾਰਸ਼ ਕੀਤਾ ਹੈ । ਇਸ ਕਿਸਮ ਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਇਹ ਕਿਸਮ ਤਕਰੀਬਨ 97 ਦਿਨਾਂ ਵਿੱਚ ਪੱਕ ਜਾਂਦੀ ਹੈ । ਇਹ ਕਿਸਮ ਪੱਤਾ ਝੁਲਸ ਰੋਗ, ਚਾਰਕੋਲ ਰੋਟ ਅਤੇ ਮੱਕੀ ਦੇ ਤਣੇ ਦੇ ਗੜੂੰਏ ਤੋਂ ਦਰਮਿਆਨੀ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ । ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੈ । ਜੇ ਸੀ-4 ਇੱਕ ਕੰਪੋਜ਼ਿਟ ਕਿਸਮ ਹੈ ਜੋ ਵਿਸ਼ੇਸ਼ ਤੌਰ ਤੇ ਕੰਡੀ ਦੇ ਇਲਾਕੇ ਲਈ ਵਿਕਸਿਤ ਕੀਤੀ ਗਈ ਹੈ । ਇਸ ਨੂੰ ਸੇਂਜੂ ਅਤੇ ਬਰਾਨੀ ਦੋਵਾਂ ਖੇਤਰਾਂ ਵਿੱਚ ਬੀਜਿਆ ਜਾ ਸਕਦਾ ਹੈ ਅਤੇ ਜੈਵਿਕ ਖੇਤੀ ਲਈ ਸਾਉਣੀ ਦੌਰਾਨ ਢੁੱਕਵੀਂ ਮੱਕੀ ਦੀ ਕਿਸਮ ਹੈ । ਇਹ 90 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਇਸਦਾ ਝਾੜ 13 ਕੁਇੰਟਲ ਪ੍ਰਤੀ ਏਕੜ ਤੱਕ ਆਉਂਦਾ ਹੈ । ਇਸ ਤੋਂ ਇਲਾਵਾ ਏ ਡੀ ਵੀ-9293 ਸਾਉਣੀ ਸੀਜ਼ਨ ਦੌਰਾਨ ਬਿਜਾਈ ਲਈ ਤਿਆਰ ਕੀਤੀ ਕਿਸਮ ਹੈ । 97 ਦਿਨਾਂ ਵਿੱਚ ਪੱਕ ਕੇ ਤਿਆਰ ਹੋਣ ਵਾਲੀ ਇਹ ਕਿਸਮ 24.5 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇ ਸਕਦੀ ਹੈ ।
ਉਹਨਾਂ ਦੱਸਿਆ ਕਿ ਬਾਸਮਤੀ ਦੀ ਨਵੀਂ ਕਿਸਮ ਪੰਜਾਬ ਬਾਸਮਤੀ-7 ਵੀ ਸਿਫਾਰਸ਼ ਕੀਤੀ ਗਈ ਇਸ ਕਿਸਮ ਦਾ ਔਸਤਨ ਕੱਦ 111 ਸੈਂਟੀਮੀਟਰ ਹੈ । ਇਸਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ ਅਤੇ ਪਨੀਰੀ ਦੀ ਲੁਆਈ ਤੋਂ ਬਾਅਦ ਇਹ ਕਿਸਮ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆ ਜਾਂਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ । ਇਸ ਕਿਸਮ ਦੇ ਚੌਲ ਜ਼ਿਆਦਾ ਲੰਮੇ, ਪਤਲੇ, ਖਾਣ ਨੂੰ ਨਰਮ ਅਤੇ ਬਹੁਤ ਸਵਾਦੀ ਹਨ ਜੋ ਕਿ ਪੱਕਣ ਉਪਰੰਤ ਰਵਾਇਤੀ ਬਾਸਮਤੀ ਵਾਂਗ ਖੁਸ਼ਬੂ ਦਿੰਦੇ ਹਨ ।
ਮੂੰਗੀ ਦੀ ਨਵੀਂ ਕਿਸਮ ਐੱਮ ਐੱਲ 1808 ਬਾਰੇ ਦੱਸਦਿਆਂ ਡਾ. ਬੈਂਸ ਨੇ ਕਿਹਾ ਇਸ ਦੀ ਹਰੇਕ ਫਲੀ ਵਿੱਚ ਤਕਰੀਬਨ 11-12 ਦਾਣੇ ਹੁੰਦੇ ਹਨ । ਇਹ ਮੂੰਗੀ ਦੇ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ । ਇਹ ਕਿਸਮ ਤਕਰੀਬਨ 71 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੇ ਦਾਣੇ ਦਰਮਿਆਨੇ, ਮੋਟੇ ਅਤੇ ਹਰੇ ਚਮਕੀਲੇ ਹੁੰਦੇ ਹਨ ਅਤੇ ਦਾਲ ਸਵਾਦ ਬਣਦੀ ਹੈ । ਇਸ ਕਿਸਮ ਦਾ ਝਾੜ 4.8 ਕੁੁਇੰਟਲ ਪ੍ਰਤੀ ਏਕੜ ਹੈ ।






















