ਪਿੰਡ ਮਹਾਲਮ ’ਚ ਪੁਲਸ ਤੇ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ , 5ਹਜ਼ਾਰ ਲੀਟਰ ਲਾਹਣ ਕੀਤੀ ਨਸ਼ਟ
–80ਬੋਤਲਾਂ ਤੋਂ ਵੱਧ ਨਾਜਾਇਜ਼ ਸ਼ਰਾਬ ਬਰਾਮਦ
–ਸ਼ਰਾਬ ਤਿਆਰ ਕਰਨ ਵਾਲੀਆਂ ਭੱਠੀਆਂ ਦਾ ਸਮਾਨ ਵੱਡੀ ਮਾਤਰਾ ’ਚ ਬਰਾਮਦ

ਜਲਾਲਾਬਾਦ,10ਅਪ੍ਰੈਲ ( ਵਿਸ਼ਵ ਵਾਰਤਾ) -ਜਲਾਲਾਬਾਦ ਦੇ ਨਸ਼ਿਆਂ ਲਈ ਬਦਨਾਮ ਪਿੰਡ ਚੱਕ ਬਲੋਚਾ ਮਹਾਲਮ ’ਚ ਪੁਲਸ ਤੇ ਐਕਸਾਈਜ਼ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅੱਜ ਸਵੇਰੇ ਤੜਕਸਾਰ ਭਾਰੀ ਪੁਲਸ ਫੋਰਸ ਦੇ ਨਾਲ ਐੱਸ.ਐੱਸ.ਪੀ ਸ. ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਐੱਸ.ਪੀ ਜਲਾਲਾਬਾਦ ਪਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਥਾਣਾ ਚੱਕ ਵੈਰੋਂ ਕਾ ਦੀ ਪੁਲਸ ਸਣੇ ਹੋਰਨਾਂ ਥਾਣਿਆਂ ਦੇ ਪੁਲਸ ਮੁਲਾਜ਼ਮਾਂ ਨਾਲ ਛਾਪੇਮਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਮਹਾਲਮ ’ਚ ਐਕਸਾਈਜ਼ ਵਿਭਾਗ ਦੇ ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ 5 ਹਜ਼ਾਰ ਲੀਟਰ ਲਾਹਣ ਨੂੰ ਪਿੰਡ ਦੀਆਂ ਵੱਖ-ਵੱਖ ਥਾਵਾਂ ਤੋਂ ਬਰਾਮਦ ਕਰ ਕੇ ਨਸ਼ਟ ਕੀਤਾ ਅਤੇ 80 ਬੋਤਲਾਂ ਤੋਂ ਵਧੇਰੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਅੱਜ ਪਿੰਡ ਮਹਾਲਮ ਵਿਖੇ ਛਾਪੇਮਾਰੀ ਦੌਰਾਨ ਹਾਜ਼ਰ ਥਾਣਾ ਚੱਕ ਵੈਰੋਂ ਕਾ ਐੱਸ.ਐੱਚ.ੳ ਵਜ਼ੀਰ ਚੰਦ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਤੇ ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹਦਾਇਤਾਂ ਦੇ ਅਨੁਸਾਰ ਗੈਰ ਕਾਨੂੰਨੀ ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਛਾਪੇਮਾਰੀ ਕੀਤੀ ਗਈ ਅਤੇ ਖੇਤਾਂ ’ਚੋਂ 5 ਦੇ ਕਰੀਬ ਨਾਜਾਇਜ਼ ਲਾਹਣ ਬਰਾਮਦ ਕਰ ਕੇ ਨਸ਼ਟ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਸ਼ਰਾਬ ਨੂੰ ਤਿਆਰ ਕਰਨ ਲਈ ਭੱਠੀਆਂ ਦੇ ਸਮਾਨ ’ਚ ਸ਼ਾਮਲ ਵੱਡੇ ਡਰੰਮ ਅਤੇ ਹੋਰ ਵੀ ਸਮਾਨ ਪੁਲਸ ਦੇ ਵੱਲੋਂ ਆਪਣੇ ਕਬਜ਼ੇ ’ਚ ਲੈ ਕੇ ਸ਼ਰਾਬ ਤਸਕਰੀ ਕਰਨ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਵਰਨਣਯੋਗ ਗੱਲ ਇਹ ਹੈ ਕਿ ਪਿੰਡ ਚੱਕ ਬਲੋਚਾ ਮਹਾਲਮ ’ਚ ਅਕਸਰ ਹੀ ਪੁਲਸ ਤੇ ਐਕਸਾਈਜ਼ ਵਿਭਾਗ ਦੇ ਵੱਲੋਂ ਕੀਤੀ ਜਾਂਦੀ ਕਰਵਾਈ ਦੌਰਾਨ ਹਜ਼ਾਰਾਂ ਲੀਟਰ ਲਾਹਣ ਬਰਾਮਦ ਕੀਤੀ ਜਾਂਦੀ ਹੈ । ਪਰ ਫਿਰ ਵੀ ਪਿੰਡ ’ਚ ਨਾਜਾਇਜ਼ ਸ਼ਰਾਬ ਤਸਕਰੀ ਦਾ ਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਪੁਲਸ ਦੇ ਉੱਚ ਅਧਿਕਾਰੀ ਪਿੰਡ ਚੱਕ ਬਲੋਚਾ ਮਹਾਲਮ ’ਚੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਬੰਦ ਕਰਵਾਉਣ ’ਚ ਸਫਲ ਹੁੰਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਮੌਕੇ ਐਕਸਾਈਜ਼ ਵਿਭਾਗ ਦੇ ਇੰਨਸਪੈਕਟਰ ਜੈਸਲਪ੍ਰੀਤ ਸਿੰਘ ਵੀ ਹਾਜ਼ਰ ਸਨ।






















