ਪਿੰਡ ਬਘੋਰਾ ਵਿਖੇ ਜਵਾਈ ਵਲੋ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਸੱਸ ਸਹੁਰਾ ਗੰਭੀਰ ਜਖਮੀ
ਹੁਸ਼ਿਆਰਪੁਰ 28 ਫਰਵਰੀ (ਵਿਸ਼ਵ ਵਾਰਤਾ)-ਪਿੰਡ ਬਘੋਰਾ ਵਿਖੇ ਅੱਜ ਦਿਨ ਦਿਹਾੜੇ ਸਵੇਰੇ ਕਰੀਬ ਸਾਢੇ 10 ਵਜੇ ਦੇ ਕਰੀਬ ਇੱਕ ਜਵਾਈ ਵਲੋਂ ਆਪਣੀ ਪਤਨੀ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਅਤੇ ਸੱਸ -ਸੁਹਰੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ ਗਿਆ ਅਤੇ ਹਾਲਤ ਜਿਆਦਾ ਗੰਭੀਰ ਹੋਣ ਕਰਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕੀਤਾ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਹੁੰਚ ਕਾਰਵਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਆਸ਼ਾ ਰਾਣੀ (50) ਦੇ ਭਰਾ ਵਿਜੈ ਕੁਮਾਰ ਵਾਸੀ ਬਘੋਰਾ ਨੇ ਦੱਸਿਆ ਕਿ ਉਸ ਦੀ ਭੈਣ ਹਰਦੀਪ ਕੁਮਾਰ ਵਾਸੀ ਫਗਵਾੜਾ ਨਾਲ ਵਿਆਹੀ ਹੋਈ ਸੀ ਜੋ ਕਿ ਰੇਲਵੇ ਵਿਭਾਗ ’ਚੋ ਰਿਟਾਇਰ ਹੋ ਚੁੱਕੇ ਹਨ ਅਤੇ ਉਸ ਦੇ ਤਿੰਨ ਲੜਕੇ ਹਨ ਜੋ ਕਿ ਬਾਹਰਲੇ ਦੇਸ਼ ਗਏ ਹੋਏ ਹਨ। ਉਸ ਨੇ ਦੱਸਿਆ ਕਿ ਹਰਦੀਪ ਕੁਮਾਰ ਨੇ 20 ਕੁ ਦਿਨ ਪਹਿਲਾ ਉਸ ਦੀ ਭੈਣ ਦੀ ਕੁੱਟਮਾਰ ਕਰਕੇ ਮਰਨ ਕਿਨਾਰੇ ਛੱਡ ਦਿੱਤਾ ਜਿਸ ’ਤੇ ਫਗਵਾੜਾ ਵਿਖੇ ਉਸ ’ਤੇ ਪਰਚਾ ਦਰਜ ਹੋਇਆ ਹੈ ਪਰ ਪੁਲਿਸ ਵਲੋਂ ਉਸ ਸਮੇ ਉਸ ਦੀ ਕੋਈ ਗਿ੍ਰਫਤਾਰੀ ਨਹੀ ਕੀਤੀ। ਜਿਸ ’ਤੇ ਉਹ ਆਪਣੀ ਭੈਣ ਨੂੰ ਪਿੰਡ ਬਘੋਰਾ ਵਿਖੇ ਲੈ ਆਏ। ਪਰ ਸਵੇਰੇ 10 ਵਜੇ ਦੇ ਕਰੀਬ ਹਰਦੀਪ ਸਿੰਘ ਪਿੰਡ ਬਘੋਰਾ ਵਿਖੇ ਘਰ ਆਇਆ ਤਾਂ ਉਸ ਨੇ ਆਉਦੇ ਸਾਰ ਹੀ ਆਪਣੀ ਪਤਨੀ ਆਸ਼ਾ ਰਾਣੀ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਜਿਸ ’ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਪਿਤਾ ਬਿਸ਼ਨ ਪਾਲ ਅਤੇ ਮਾਤਾ ਦਰਸ਼ਨਾ ਰਾਣੀ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ। ਚੀਕ ਚਿਹਾੜਾ ਸੁਣ ਕੇ ਆਡ-ਗੁਆਡ ਤੋ ਆਈ ਇੱਕ ਔਰਤ ਪਿੱਛੇ ਵੀ ਤਲਵਾਰ ਲੈ ਕੇ ਭੱਜਿਆ। ਵਿਜੈ ਨੇ ਦੱਸਿਆ ਕਿ ਉਨ੍ਹਾਂ ਕਿਸੇ ਤਰ੍ਹਾਂ ਹਰਦੀਪ ਕੁਮਾਰ ਨੂੰ ਕਾਬੂ ਕਰਕੇ ਉਨ੍ਹਾਂ ਥਾਣਾ ਮਾਹਿਲਪੁਰ ਦੇ ਹਵਾਲੇ ਕਰ ਦਿੱਤਾ ਹੈ। ਪਿਤਾ ਬਿਸ਼ਨ ਪਾਲ ਅਤੇ ਮਾਤਾ ਦਰਸ਼ਨਾ ਰਾਣੀ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ ਗਿਆ ਅਤੇ ਹਾਲਤ ਜਿਆਦਾ ਗੰਭੀਰ ਹੋਣ ਕਰਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕੀਤਾ ਗਿਆ। ਵਿਜੇ ਕੁਮਾਰ ਨੇ ਫਗਵਾੜਾ ਪੁਲਿਸ ’ਤੇ ਦੋਸ਼ ਲਾਉਦੇ ਹੋਏ ਦੱਸਿਆ ਕਿ ਜੇਕਰ ਉਸ ਸਮੇ ’ਤੇ ਪੁਲਿਸ ਨੇ ਕਰਵਾਈ ਕੀਤੀ ਹੁੰਦੀ ਤਾਂ ਅੱਜ ਉਸ ਦੀ ਭੈਣ ਜ਼ਿੰਦਾਂ ਹੁੰਦੀ। ਮੌਕੇ ਏ.ਐਸ ਪੀ.ਤੁਸ਼ਾਰ ਗੁਪਤਾ ਗੜਸ਼ੰਕਰ ਅਤੇ ਸਤਵਿੰਦਰ ਸਿੰਘ ਧਾਲੀਵਾਲ ਥਾਣਾ ਮਾਹਿਲਪੁਰ ਨੇ ਪਹੁੰਚ ਕਰਾਵਈ ਸ਼ੁਰੂ ਕਰ ਦਿੱਤੀ ਹੈ।