ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਮੁਫਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਕੱਲ, ਗੁਰਮਤਿ ਸਮਾਗਮ 26 ਨਵੰਬਰ ਨੂੰ
ਚੰਡੀਗੜ੍ਹ, 24 ਨਵੰਬਰ, 2023 (ਵਿਸ਼ਵ ਵਾਰਤਾ): ਪਿਛਲੇ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਨਿਰਸਵਾਰਥ ਲੋਕ ਸੇਵਾ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਵੱਲੋਂ ਪਿੰਡ ਪਲਸੌਰਾ, ਚੰਡੀਗੜ੍ਹ ਸਥਿਤ ਆਪਣੀ ਸ਼ਾਖਾ ਦਾ ਸਥਾਪਨਾ ਦਿਵਸ 25 ਅਤੇ 26 ਨਵੰਬਰ ਨੂੰ ਵਿਖੇ ਮਨਾਇਆ ਜਾ ਰਿਹਾ ਹੈ, ਜਿੱਥੇ ਮੁਫ਼ਤ ਮੈਡੀਕਲ ਕੈਂਪ ਤੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਪਿੰਗਲਵਾੜਾ ਸੁਸਾਇਟੀ ਦੇ ਮੁਖੀ ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ 25 ਨਵੰਬਰ ਨੂੰ ਸਵੇਰੇ ਮੁਫ਼ਤ ਮੈਡੀਕਲ ਕੈਂਪ ਵਿੱਚ ਉੱਘੇ ਮੈਡੀਕਲ ਪ੍ਰੈਕਟੀਸ਼ਨਰ, ਅੱਖਾਂ ਦੇ ਮਾਹਿਰ, ਮਨੋਵਿਗਿਆਨੀ, ਕੁਸ਼ਲ ਸਰਜਨ ਤੇ ਆਰਥੋਪੀਡਿਕ ਮਾਹਰ ਮਰੀਜ਼ਾਂ ਦੀ ਜਾਂਚ ਕਰਨਗੇ। ਇਸੇ ਦਿਨ ਸਵੇਰੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ‘ਗੁਰਮਤਿ ਸਮਾਗਮ’ ਦੀ ਸ਼ੁਰੂਆਤ ਸਵੇਰੇ 9 ਵਜੇ ‘ਸ੍ਰੀ ਸਹਿਜ ਪਾਠ ਦੇ ਭੋਗ’ ਨਾਲ ਹੋਵੇਗੀ ਅਤੇ ਪਿੰਗਲਵਾੜਾ ਸੁਸਾਇਟੀ ਦੇ ਬੱਚੇ ‘ਗੁਰਬਾਣੀ ਕੀਰਤਨ’ ਗਾਇਨ ਕਰਨਗੇ। ਉਪਰੰਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਥੇ ਵੱਲੋਂ ਸਵੇਰੇ 11 ਵਜੇ ਰੂਹਾਨੀ ਸ਼ਬਦ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਇਸਤਰੀ ਸਤਿਸੰਗ ਸਭਾ ਪਲਸੌਰਾ ਵੱਲੋਂ ਦੁਪਿਹਰ 12 ਵਜੇ ਤੋਂ 1 ਵਜੇ ਤੱਕ ‘ਸ਼ਬਦ ਗਿਆਨ’ ਦਾ ਪ੍ਰਵਾਹ ਚੱਲੇਗਾ।
ਡਾ: ਇੰਦਰਜੀਤ ਕੌਰ ਨੇ ਆਮ ਲੋਕਾਂ ਨੂੰ ਇਸ ਮੈਡੀਕਲ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋ ਕੇ ਰੂਹਾਨੀ ਸਾਂਝ ਦਾ ਅਨੁਭਵ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਉੱਨਾਂ ਦੱਸਿਆ ਕਿ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਆਪਣੇ ਯਤਨਾਂ ਰਾਹੀਂ ਬੇਘਰੇ ਅਤੇ ਬੇਸਹਾਰਾ ਵਿਅਕਤੀਆਂ ਨੂੰ ਆਸਰਾ ਦੇਣ, ਗਰੀਬਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਸਮੇਤ ਸਰੀਰਕ ਅਤੇ ਮਾਨਸਿਕ ਤੌਰ ‘ਤੇ ਅਪਾਹਜਾਂ ਦੀ ਸਹਾਇਤਾ ਕਰ ਰਹੀ ਹੈ। ਇਸ ਮੌਕੇ ਤੇ ਜਤਿੰਦਰ ਸਿੰਘ ਔਲਖ ਰਿਟਾਇਰਡ ਏਡੀਜੀਪੀ ਪੰਜਾਬ, ਹਰਪਾਲ ਸਿੰਘ ਸੋਸ਼ਲ ਵਰਕਰ, ਰਵਿੰਦਰ ਕੌਰ, ਹਰੀਸ਼ ਚੰਦਰ ਗੁਲਾਟੀ, ਗੁਲਸ਼ਨ ਰੰਜਨ ਸੋਸ਼ਲ ਵਰਕਰ, ਨਿਰਮਲ ਸਿੰਘ ਅਤੇ ਪ੍ਰਕਾਸ਼ ਚੰਦ ਜੈਨ ਸ਼ਾਮਿਲ ਸਨ।