ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਵੱਲੋਂ ਮਹੀਨਾਵਾਰ ਮੀਟਿੰਗ ਵਿੱਚ ਵਿਚਾਰੇ ਪੈਨਸ਼ਨਰਾਂ ਦੇ ਮੁੱਦੇ
ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਮੰਗਣ ਆਏ ਨੇਤਾਵਾਂ ਤੋਂ ਸਵਾਲ ਪੁੱਛੇ ਜਾਣ –ਸਿਕੰਦਰ ਸਿੰਘ ਪ੍ਰਧਾਨ
ਸਮਰਾਲਾ, 11 ਮਾਰਚ (ਵਿਸ਼ਵ ਵਾਰਤਾ) ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਅਰੰਭ ਵਿੱਚ ਸਰਬਜੀਤ ਕੌਰ ਕੁਰਾਲੀ ਦੀ ਹੋਈ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ 15 ਫਰਵਰੀ ਦੇ ਪਟਿਆਲਾ ਵਿਖੇ ਜੋਨਲ ਧਰਨੇ ਅਤੇ 4 ਮਾਰਚ ਨੂੰ ਚੰਡੀਗੜ੍ਹ ਵਿਖੇ ਦਿੱਤੇ ਸਾਂਝੇ ਧਰਨੇ ਬਾਰੇ ਪੜਚੋਲ ਕੀਤੀ ਗਈ। ਪੈਨਸ਼ਨਰਾਂ ਦੀਆਂ ਲੰਬਤ ਮੰਗਾਂ ਜਿਵੇਂ 1-1- 2016 ਤੋਂ ਪੇ ਸਕੇਲ ਸੋਧਣੇ, 31-12-2015 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.44 ਫੈਕਟਰ ਦੀ ਬਜਾਏ 2.59 ਨਾਲ ਪੇ ਸਕੇਲ ਸੋਧਣਾ, ਕੈਸ਼ ਲੈਸ ਮੈਡੀਕਲ ਸਕੀਮ ਲਾਗੂ, ਬਿਜਲੀ ਵਰਤੋਂ ਵਿੱਚ ਰਿਆਇਤ ਦੇਣਾ, ਡੀ. ਏ. ਦੀਆਂ ਪੈਡਿੰਗ ਕਿਸ਼ਤਾਂ ਅਤੇ ਬਕਾਏ ਦੇਣਾ। 23 ਸਾਲਾ ਸਕੇਲ ਲਾਗੂ ਕਰਨਾ ਆਦਿ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਕੋਈ ਤਜ਼ਵੀਜ ਨਾ ਰੱਖਣ ਕਾਰਨ ਪੇਸ਼ ਬਜਟ ਦੀ ਨਿਖੇਧੀ ਕੀਤੀ ਗਈ ਅਤੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੋਟਾਂ ਮੰਗਣ ਆਉਣ ਤੇ ਸਵਾਲ ਪੁੱਛਣ ਦਾ ਮਤਾ ਪਾਸ ਕੀਤਾ ਗਿਆ। ਅੱਜ ਦੀ ਮੀਟਿੰਗ ਦੌਰਾਨ ਸੰਬੋਧਨ ਕਰਨ ਵਾਲਿਆਂ ਵਿੱਚ ਇੰਜ. ਭਰਪੂਰ ਸਿੰਘ ਮਾਂਗਟ ਸਰਕਲ ਪ੍ਰਧਾਨ, ਇੰਜ. ਪ੍ਰੇਮ ਸਿੰਘ ਸਾਬਕਾ ਐਸ.ਡੀ.ਓ. ਸੀਨੀਅਰ ਮੀਤ ਪ੍ਰਧਾਨ, ਇੰਜ. ਜੁਗਲ ਕਿਸ਼ੋਰ ਸਾਹਨੀ ਮੀਤ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ: ਦਰਸ਼ਨ ਸਿੰਘ ਖਜਾਨਚੀ, ਪ੍ਰੇਮ ਕੁਮਾਰ ਸਰਕਲ ਆਗੂ, ਭੁਪਿੰਦਰਪਾਲ ਚਹਿਲਾਂ, ਦਰਸ਼ਨ ਸਿੰਘ ਕੋਟਾਲਾ, ਮਹੇਸ਼ ਕੁਮਾਰ ਖਮਾਣੋਂ, ਹਰਪਾਲ ਸਿੰਘ ਸਿਹਾਲਾ, ਜਸਵੰਤ ਸਿੰਘ ਢੰਡਾ, ਰਜਿੰਦਰਪਾਲ ਵਡੇਰਾ ਡਿਪਟੀ ਸੀ. ਓ. ਆਦਿ ਨੇ ਪੈਨਸ਼ਨਰਾਂ ਨੂੰ ਸੰਬੋਧਨ ਕੀਤਾ।
ਪ੍ਰੈਸ ਸਕੱਤਰ ਦੀ ਭੂਮਿਕਾ ਇੰਜ. ਸੁਖਦਰਸ਼ਨ ਸਿੰਘ ਮੰਡਲ ਸਕੱਤਰ ਨੇ ਬਾਖੂਬੀ ਨਿਭਾਈ।
ਸਿਕੰਦਰ ਸਿੰਘ ਮੰਡਲ ਪ੍ਰਧਾਨ ਨੇ ਮੀਟਿੰਗ ਵਿੱਚ ਆਏ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਲਈ ਪੈਨਸ਼ਨਰ ਮਜਬੂਰ ਹੋਣਗੇੇ।