ਪਾਕਿਸਤਾਨ ਦੀਆਂ ਚੋਣਾਂ ‘ਚ ਧਾਂਦਲੀ, ਪੋਲਿੰਗ ਅਫਸਰ ਨੇ ਕੀਤਾ ਖੁਲਾਸਾ
ਚੰਡੀਗੜ੍ਹ 17 ਫਰਵਰੀ(ਵਿਸ਼ਵ ਵਾਰਤਾ ਡੈਸਕ)- ਪਿਛਲੇ ਦਿਨੀਂ ਹੋਈਆਂ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਆਮ ਚੋਣਾਂ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਰਾਵਲਪਿੰਡੀ ਦੇ ਪੋਲਿੰਗ ਅਧਿਕਾਰੀ ਲਿਆਕਤ ਅਲੀ ਚੱਟਾ ਨੇ ਅੱਜ ਪਾਕਿਸਤਾਨੀ ਮੀਡੀਆ ਸਾਹਮਣੇ ਮੰਨਿਆ ਕਿ ਉਨ੍ਹਾਂ ਨੇ ਚੋਣਾਂ ‘ਚ ਧਾਂਦਲੀ ਕੀਤੀ ਸੀ। ਜੀਓ ਨਿਊਜ਼ ਮੁਤਾਬਕ ਲਿਆਕਤ ਨੇ ਕਿਹਾ- ਆਜ਼ਾਦ ਉਮੀਦਵਾਰ 70-80 ਹਜ਼ਾਰ ਵੋਟਾਂ ਨਾਲ ਅੱਗੇ ਸਨ। ਉਹ ਜਿੱਤ ਰਹੇ ਸਨ, ਪਰ ਅਸੀਂ ਉਨ੍ਹਾਂ ਨੂੰ ਜਾਅਲੀ ਬੈਲਟ ਪੇਪਰ ਰਾਹੀਂ ਹਰਾਇਆ। ਮੈਂ ਆਪਣੇ ਅਪਰਾਧ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ।
ਅਧਿਕਾਰੀ ਨੇ ਕਿਹਾ- ਚੋਣ ਕਮਿਸ਼ਨ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਚੀਫ਼ ਜਸਟਿਸ ਵੀ ਧਾਂਦਲੀ ਵਿੱਚ ਸ਼ਾਮਲ ਹਨ। ਅਸੀਂ ਹਾਰੇ ਹੋਏ ਉਮੀਦਵਾਰਾਂ ਨੂੰ 50 ਹਜ਼ਾਰ ਵੋਟਾਂ ਦੇ ਫਰਕ ਨਾਲ ਜਿਤਾਇਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਸਭ ਪੀਟੀਆਈ ਦਾ ਸਮਰਥਨ ਕਰ ਰਹੇ ਆਜ਼ਾਦ ਉਮੀਦਵਾਰਾਂ ਨੂੰ ਹਰਾਉਣ ਲਈ ਕੀਤਾ ਗਿਆ ਸੀ। ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਲਿਆਕਤ ਨੇ ਕਿਹਾ- ਮੈਂ ਦੇਸ਼ ਨੂੰ ਤੋੜਨ ਦੇ ਇਸ ਅਪਰਾਧ ‘ਚ ਭਾਈਵਾਲ ਨਹੀਂ ਬਣਨਾ ਚਾਹੁੰਦਾ।