ਪਾਕਿਸਤਾਨੀ ਗ਼ਜ਼ਲ ਗਾਇਕਾ ਨੱਯਰਾ ਨੂਰ ਤੇ ਪੰਜਾਬੀ ਗ਼ਜ਼ਲ ਗਾਇਕ ਰਵੀ ਕਾਂਤ ਦੇ ਵਿਛੋੜੇ ਤੇ ਅਫ਼ਸੋਸ ਦਾ ਪ੍ਰਗਟਾਵਾ
ਦੋਵੇਂ ਗਾਇਕ ਆਪੋ ਆਪਣੀ ਦੁਨੀਆਂ ਦੇ ਸ਼ਾਹ ਅਸਵਾਰ ਸਨ – ਗੁਰਭਜਨ ਗਿੱਲ
ਲੁਧਿਆਣਾਃ 22 ਅਗਸਤ(ਵਿਸ਼ਵ ਵਾਰਤਾ)-ਪਾਕਿਸਤਾਨੀ ਪੰਜਾਬ ਦੀ ਸਿਰਕੱਢ ਗ਼ਜ਼ਲ ਗਾਇਕਾ ਨੱਯਰਾ ਨੂਰ ਤੇ ਅੰਮ੍ਰਿਤਸਰ ਵਾਸੀ ਗ਼ਜ਼ਲ ਗਾਇਕ ਰਵੀ ਕਾਂਤ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਦੋਵੇਂ ਗਾਇਕ ਆਪੋ ਆਪਣੀ ਦੁਨੀਆਂ ਦੇ ਸ਼ਾਹ ਅਸਵਾਰ ਸਨ। ਪਾਕਿਸਤਾਨ ਦੀ ਬੁਲੰਦ ਗ਼ਜ਼ਲ ਗਾਇਕਾ ਨੱਯਰਾ ਨੂਰ ਨੇ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਅਨੇਕ ਉਰਦੂ ਗ਼ਜ਼ਲਾਂ ਤੋਂ ਇਲਾਵਾ ਉਨ੍ਹਾਂ ਦਾ ਲਿਖਿਆ ਪੰਜਾਬੀ ਗੀਤ
ਕਿਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ।
ਗਾ ਕੇ ਉਸਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ।

ਗੁਹਾਟੀ(ਆਸਾਮ) ਵਿਖੇ 1950 ਚ ਜਨਮੀ ਨੱਯਰਾ ਨੂਰ ਨੂੰ ਇਮਤਿਆਜ਼ ਏ ਪਾਕਿਸਤਾਨ ਅਤੇ ਬੁਲਬੁਲ ਏ ਪਾਕਿਸਤਾਨ ਦਾ ਖਿਤਾਬ ਵੀ ਮਿਲਿਆ ਹੋਇਆ ਸੀ। ਕਰਾਚੀ ਵਿੱਚ ਉਸ ਨੇ 20 ਅਗਸਤ ਨੂੰ ਆਖਰੀ ਸਵਾਸ ਲਏ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਰਵੀ ਕਾਂਤ ਅਕਾਸ਼ਵਾਣੀ ਜਲੰਧਰ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰਵਾਨਤ ਗਾਇਕ ਸਨ।
ਰਵੀ ਕਾਂਤ ਨੇ ਗੁਰਭਜਨ ਗਿੱਲ ਦੀ ਪੁਸਤਕ ਬੋਲ ਮਿੱਟੀ ਦਿਆ ਬਾਵਿਆ ਵਿੱਚੋਂ ਕਈ ਰਚਨਾਵਾਂ ਅਕਾਸ਼ਵਾਣੀ ਜਲੰਧਰ ਲਈ ਰੀਕਾਰਡ ਕਰਵਾਈਆਂ।
ਇਨ੍ਹਾਂ ਦੋਹਾਂ ਮਹਾਨ ਗ਼ਜ਼ਲ ਗਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਉੱਘੇ ਲੇਖਕ ਗੁਰਪ੍ਰੀਤ ਸਿੰਘ ਤੂਰ, ਪਿਰਥੀਪਾਲ ਸਿੰਘ ਹੇਅਰ,ਰਵਿੰਦਰ ਰੰਗੂਵਾਲ, ਪੰਜਾਬੀ ਲੇਖਕਾਂ ਪ੍ਰੋਃ ਰਵਿੰਦਰ ਭੱਠਲ,ਸੁਖਜੀਤ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਡਾਃ ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ, ਡਾਃ ਸੁਖਨੈਨ ਸਮੇਤ ਕਈ ਹੋਰ ਸਿਰਕੱਢ ਸਾਹਿੱਤਕ ਸ਼ਖਸੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ ਹੈ।























